ਇਸਲਾਮ ਦਾ ਪਵਿੱਤਰ ਮਹੀਨਾ ਰਮਜ਼ਾਨ ਕੱਲ੍ਹ ਤੋਂ ਸ਼ੁਰੂ, 30 ਰੋਜ਼ੇ ਰੱਖਣ ਤੋਂ ਬਾਅਦ ਮਨਾਈ ਜਾਵੇਗੀ ਈਦ

0
396

ਮੁਖ ਮੰਤਰੀ ਭਗਵੰਤ ਮਾਨ ਨੇ – ਜੇਲਾਂ ‘ਚ ਬੰਦ ਰੋਜ਼ੇਦਾਰਾਂ ਨੂੰ ਖਾਸ ਸਹੂਲਤਾਂ ਦਾ ਕੀਤਾ ਵਾਅਦਾ

ਲੁਧਿਆਣਾ | ਮੁਸਲਿਮ ਭਾਈਚਾਰੇ ਦਾ ਸਭ ਤੋਂ ਪਵਿੱਤਰ ਮਹੀਨਾ ਰਮਜ਼ਾਨ ਸ਼ੁੱਕਰਵਾਰ 24 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਸ ਪੂਰੇ ਮਹੀਨੇ ਦੌਰਾਨ ਰੋਜ਼ੇ ਰੱਖੇ ਜਾਂਦੇ ਹਨ ਅਤੇ 30 ਦਿਨਾਂ ਬਾਅਦ ਈਦ ਮਨਾਈ ਜਾਂਦੀ ਹੈ।

ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸੂਬੇ ਦੇ ਮੁਸਲਮਾਨਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਜੇਲ੍ਹਾਂ ‘ਚ ਬੰਦ ਮੁਸਲਮਾਨ ਬੰਦੀਆਂ ਨੂੰ ਰਮਜ਼ਾਨ ਦੇ ਮਹੀਨੇ ‘ਚ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਾਉਣ ਨੂੰ ਲੈ ਕੇ ਮੰਗ ਪੱਤਰ ਸੀਐਮ ਨੂੰ ਦਿੱਤਾ ਗਿਆ। ਮੁੱਖ ਮੰਗ ਇਹ ਹੈ ਕਿ ਪੰਜਾਬ ਭਰ ਦੀਆਂ ਜੇਲ੍ਹਾਂ ‘ਚ ਰੋਜ਼ਾ ਰੱਖਣ ਵਾਲੇ ਬੰਦੀਆਂ ਨੂੰ ਵਿਸ਼ੇਸ਼ ਛੂਟ ਦਿੱਤੀ ਜਾਵੇ। ਜੇਲ੍ਹਾਂ ‘ਚ ਰੋਜ਼ਾ ਰੱਖਣ ਅਤੇ ਖੋਲ੍ਹਣ ਦੇ ਸਮੇਂ ਜੇਲ੍ਹ ਵਿਭਾਗ ਵੱਲੋਂ ਖਾਸ ਡਾਈਟ ਲਗਾਊਣ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਜਾਣ।

ਸੀਐਮ ਮਾਨ ਨੇ ਜੇਲ੍ਹ ਵਿਭਾਗ ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਇਸ ਮਹੀਨੇ ਦੌਰਾਨ ਹਰ ਇੱਕ ਮੁਸਲਮਾਨ ਰੋਜ਼ੇਦਾਰ ਬੰਦੀ ਨੂੰ 100 ਰੁਪਏ ਪ੍ਰਤੀ ਦਿਨ ਖਾਣ-ਪੀਣ ਦੀ ਸਮੱਗਰੀ ਮੁਹੱਈਆ ਕਰਾਈ ਜਾਵੇ।

ਸ਼ਾਹੀ ਇਮਾਮ ਨੇ ਸੀਐਮ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ- ਸਾਡੀ ਸੰਸਥਾ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਜੇਲ੍ਹਾਂ ‘ਚ ਰੋਜ਼ੇਦਾਰ ਬੰਦੀਆਂ ਨੂੰ ਰੋਜ਼ਾ ਰੱਖਣ ਅਤੇ ਖੋਲ੍ਹਣ ਸਬੰਧੀ ਸਮੱਗਰੀ ਵੰਡੀ ਜਾਵੇਗੀ। ਧਾਰਮਿਕ ਕਿਤਾਬਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਜੇਲ੍ਹਾਂ ‘ਚ ਬੰਦ ਲੋਕਾਂ ਨੂੰ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਕਿ ਉਹ ਆਪਣੀਆਂ ਗਲਤੀਆਂ ਤੋਂ ਤੌਬਾ ਕਰਕੇ ਸਮਾਜ ‘ਚ ਇੱਕ ਚੰਗੇ ਇਨਸਾਨ ਦੀ ਤਰ੍ਹਾਂ ਜ਼ਿੰਦਗੀ ਗੁਜ਼ਾਰ ਸਕਣ।