ਕੀ ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣੀ ਫਿਲਮ ਨੌਜਵਾਨਾਂ ਨੂੰ ਗੁੰਮਰਾਹ ਕਰੇਗੀ?

    1
    686

    ਨਿਹਾਰਿਕਾ | ਜਲੰਧਰ  
    ਪੰਜਾਬ ਦਾ ਇਤਿਹਾਸ ਬੜਾ ਸੰਘਰਸ਼ ਵਾਲਾ ਰਿਹਾ ਹੈ। ਸੂਬੇ ਨੇ ਬੜਾ ਔਖਾ ਸਮਾਂ ਵੇਖਿਆ ਹੈ। ਪੰਜਾਬ ਦੇ ਨੌਜਵਾਨਾਂ ‘ਤੇ ਅਕਸਰ ਨਸ਼ਿਆਂ ਦੇ ਆਦੀ ਹੋਣ ਦਾ ਇਲਜ਼ਾਮ ਲਗਦਾ ਹੈ। ਕੀ ਨੌਜਵਾਨ ਡਿਪਰੈਸ਼ਨ, ਬੇਰੁਜ਼ਗਾਰੀ, ਮਾੜੀ ਸੰਗਤ ‘ਚ ਆ ਕਿ ਨਸ਼ਿਆਂ ਵੱਲ ਜਾਉਂਦਾ ਹੈ? ਇਹਨਾਂ ਸਾਰੀਆਂ ਗੱਲਾਂ ਲਈ ਅੱਜ ਦੀ ਪੀੜੀ ਨੂੰ ਜ਼ੁੰਮੇਵਾਰ ਦੱਸਣਾ ਵੀ ਠੀਕ ਨਹੀਂ। ਸਿਆਸਤਦਾਨਾਂ ਨੇ ਆਪਣੇ ਲਾਲਚ ਦੇ ਸਦਕਾਂ ਪਹਿਲਾਂ ਨਸ਼ੇ ਨੂੰ ਪਨਾਹ ਫੈਲਾਇਆ, ਜਦੋਂ ਮਾਮਲਾ ਹੱਥੋਂ ਬਾਹਰ ਹੋਇਆ ਤਾਂ ਇਲਜ਼ਾਮ ਨੌਜਵਾਨਾਂ ‘ਤੇ ਲਗਾ ਦਿੱਤਾ। ਨਸ਼ੇ ਆਪਣੇ ਨਾਲ ਗੁੰਡਾਗਰਦੀ ਵੀ ਲਿਆਏ।

    ਹਿੰਦੁਸਤਾਨ-ਪਾਕਿਸਤਾਨ ਵਿਚਾਲੇ ਹੁੰਦੀ ਨਸ਼ਿਆਂ ਦੀ ਤਸਕਰੀ ਨੇ ਵੀ ਨੌਜਵਾਨਾਂ ਨੂੰ ਜਲਦੀ ਪੈਸੇ ਕਮਾਉਣ ਲਈ ਉੱਧਰ ਨੂੰ ਖਿੱਚਿਆ। ਨੌਜਵਾਨ ਗੈਂਗਸਟਰ ਬਣਨ ਲੱਗ ਗਏ। ਕਈ ਨਾਂ ਤੁਸੀਂ ਜਾਣਦੇ ਹੋ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਗੈਂਗਸਟਰ ਸੁੱਖਾ ਕਾਹਲਵਾਂ ‘ਤੇ। ਕਰਤਾਰਪੁਰ ਦੇ ਕਾਹਲਵਾਂ ਪਿੰਡ ‘ਚ ਜੰਮਿਆ ਸੁੱਖਪ੍ਰੀਤ ਸਿੰਘ ਸ਼ੂਟਰ ਕਾਹਲਵਾਂ ਕਿਵੇਂ ਬਣਿਆਂ ‘ਤੇ 21 ਫਰਵਰੀ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ। ਅਸੀਂ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ? ਫਿਲਮ ਦੇ ਟ੍ਰੇਲਰ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਗੱਲ ਅੱਗੇ ਜਾਵੇ ਇਸ ਤੋਂ ਪਹਿਲਾਂ ਸਾਨੂੰ ਇੱਕ ਵਾਰ ਟ੍ਰੇਲਰ ਜ਼ਰੂਰ ਵੇਖਣਾ ਚਾਹੀਦਾ ਹੈ।

    ਇਸ ਫਿਲਮ ਨੂੰ ਦਿਲਸ਼ੇਰ ਸਿੰਘ ਤੇ ਖੁਸ਼ਪਾਲ ਸਿੰਘ ਦੇ ਡਾਇਰੈਕਟ ਕੀਤਾ ਹੈ। ਸੁੱਖਾ ਕਾਹਲਵਾਂ ‘ਤੇ ਕਤਲ, ਚੋਰੀ, ਡਕੈਤੀ, ਲੁੱਟਖੋਹ ਅਤੇ ਮਰਡਰ ਦੇ 25 ਤੋਂ ਵੱਧ ਕੇਸ ਦਰਜ ਸਨ। ਵਿੱਕੀ ਗੌਂਡਰ ਨੇ ਆਪਣੇ ਇੱਕ ਦਰਜਨ ਤੋਂ ਵੱਧ ਸਾਥੀਆਂ ਨਾਲ ਮਿਲ ਕੇ ਸੁੱਖੇ ਨੂੰ ਜਲੰਧਰ-ਫਗਵਾੜਾ ਹਾਈਵੇ ‘ਤੇ ਪੇਸ਼ੀ ਤੋਂ ਪਰਤਦਿਆਂ ਮਾਰ ਦਿੱਤਾ ਸੀ। ਬਾਅਦ ਵਿੱਚ ਵਿੱਕੀ ਗੌਂਡਰ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਅਤੇ ਬਾਕੀ ਸਾਰੇ ਮੁਲਜ਼ਮ ਸੁੱਖੇ ਦੇ ਕਤਲ ਮਾਮਲੇ ‘ਚੋਂ ਬਰੀ ਹੋ ਗਏ ਸਨ।

    ਅਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਾਂ ਨਹੀਂ ਇਸ ‘ਤੇ ਲੇਖਕ ਦੇਸਰਾਜ ਕਾਲੀ ਕਹਿੰਦੇ ਹਨ- ਫਿਲਮ ਤੋਂ ਪਹਿਲਾਂ ਮੀਡੀਆ ਨੇ ਵੀ ਇਸ ਮਾਮਲੇ ਨੂੰ ਬਹੁਤ ਗਲੋਰੀਫਾਈ ਕੀਤਾ ਸੀ। ਡਰੱਗਜ਼ ਅਤੇ ਗੈਂਗਸਟਰਾਂ ਨੂੰ ਇੰਝ ਹਾਈਲਾਈਟ ਕੀਤਾ ਕਿ ਪੰਜਾਬ ਨੂੰ ਉੜਤਾ ਪੰਜਾਬ ਕਿਹਾ ਜਾਣ ਲੱਗਾ। ਗੈਂਗਸਟਰਾਂ ਨੂੰ ਗਲੋਰੀਫਾਈ ਕਰਨਾ ਨੌਜਵਾਨਾਂ ਲਈ ਖਤਰਨਾਕ ਹੈ ਕਿਉਂਕਿ ਇਹਨਾਂ ਚੀਜ਼ਾਂ ਨਾਲ ਉਹ ਜਲਦੀ ਪ੍ਰਭਾਵਿਤ ਹੁੰਦੇ ਹਨ।

    ਡੀਏਵੀ ਯੂਨੀਵਰਸਿਟੀ ‘ਚ ਪੱਤਰਕਾਰੀ ਵਿਭਾਗ ਦੇ ਪ੍ਰੋਫੈਸਰ ਵਿਜੇਤਾ ਤਨੇਜਾ ਦਾ ਕਹਿਣਾ ਹੈ ਕਿ ਗੈਂਗਸਟਰਾਂ ਨੂੰ ਗਲੋਰੀਫਾਈ ਕਰਕੇ ਵਿਖਾਉਣਾ ਸਮਾਜ ਅਤੇ ਨੌਜਵਾਨ ਵਰਗ ਲਈ ਖਤਰਨਾਕ ਹੈ। ਅਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ। ਇਸ ਤਰਾਂ ਦੀਆਂ ਫਿਲਮਾਂ ਵੇਖ ਕੇ ਨੌਜਵਾਨ ਉਸ ਵੱਲ ਜਾਉਣ ਬਾਰੇ ਸੋਚ ਸਕਦਾ ਹੈ ਅਤੇ ਬਹੁਤ ਸਾਰੇ ਚਲੇ ਵੀ ਜਾਂਦੇ ਹਨ। ਫਿਰ ਉਹਨਾਂ ਨੂੰ ਵਾਪਿਸ ਲਿਆਉਣਾ ਬੜਾ ਮੁਸ਼ਕਿਲ ਹੁੰਦਾ ਹੈ।
    ਸੁੱਖਾਂ ਕਾਹਲਵਾਂ ‘ਤੇ ਬਣੀ ਫਿਲਮ ਦੇ ਕਈ ਗਾਣੇ ਰਿਲੀਜ਼ ਹੋ ਰਹੇ ਹਨ। ਇਹਨਾਂ ਵਿੱਚ ਇੱਕ ਗਾਣਾ ਉਸ ਦੀ ਮਾਂ ‘ਤੇ ਵੀ ਆਧਾਰਿਤ ਹੈ।

    ਜਲੰਧਰ ‘ਚ ਰਹਿਣ ਵਾਲੇ ਸੀਨੀਅਰ ਪੱਤਰਕਾਰ ਸਤਪਾਲ ਨੇ ਸੁੱਖਾ ਕਾਹਲਵਾਂ ਮਾਮਲੇ ਨੂੰ ਬੜੇ ਨਜ਼ਦੀਕ ਨਾਲ ਵੇਖਿਆ ਹੈ ਅਤੇ ਡੂੰਘਾਈ ਨਾਲ ਇਸ ਦੀ ਰਿਪੋਟਿੰਗ ਕੀਤੀ ਹੈ। ਸਤਪਾਲ ਕਹਿੰਦੇ ਹਨ ਕਿ ਅਜਿਹੀਆਂ ਫਿਲਮਾਂ ਬਿਲਕੁਲ ਵੀ ਨਹੀਂ ਬਣਨੀਆਂ ਚਾਹੀਦੀਆਂ। ਇਹ ਨੌਜਵਾਨਾਂ ‘ਤੇ ਗਲਤ ਅਸਰ ਪਾਉਂਦੀਆਂ ਹਨ। ਮੀਡੀਆ ਇਸ ਕਰਕੇ ਰਿਪੋਟਿੰਗ ਕਰਦਾ ਹੈ ਕਿਉਂਕਿ ਇਹਨਾਂ ਦਾ ਸੱਚ ਸਾਹਮਣੇ ਆਵੇ ਅਤੇ ਲੋਕ ਇਹਨਾਂ ਤੋਂ ਡਰਨ ਪਰ ਫਿਲਮਾਂ ਰਾਹੀਂ ਗੈਂਗਸਟਰਾਂ ਦੀ ਜ਼ਿੰਦਗੀ ਐਸ਼ ਵਾਲੀ ਦੱਸੀ ਜਾਂਦੀ ਹੈ। ਜਦਕਿ ਅਸੀਂ ਜਾਣਦੇ ਹਾਂ ਕਿ ਗੈਂਗਸਟਰ ਦੀ ਮੌਤ ਇੱਕ ਦਿਨ ਗੋਲੀ ਨਾਲ ਹੀ ਹੁੰਦੀ ਹੈ। ਇਸ ਲਈ ਅਜਿਹੀਆਂ ਫਿਲਮਾਂ ‘ਤੇ ਰੋਕ ਲੱਗਣੀ ਚੀਹੀਦੀ ਹੈ।

    ਦੋਆਬਾ ਕਾਲਜ ਦੇ ਪੱਤਰਕਾਰੀ ਵਿਭਾਗ ਦੇ ਸਟੂਡੈਂਟ ਜੀਵੇਸ਼ ਦਾ ਵੀ ਕਹਿਣਾ ਹੈ ਕਿ ਇਹੋ ਜਿਹੀਆਂ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ। ਅਜਿਹੀਆਂ ਫਿਲਮਾਂ ਦਾ ਨੈਗੇਟਿਵ ਅਸਰ ਹੁੰਦਾ ਹੈ। ਗੈਂਗਸਟਰਾਂ ਦੀ ਥਾਂ ਖਿਡਾਰੀਆਂ ਜਾਂ ਅਜਿਹੇ ਲੋਕਾਂ ‘ਤੇ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਜਿਹੜੀ ਲੋਕਾਂ ਨੂੰ ਪ੍ਰਭਾਵਿਤ ਕਰੇ। ਅੱਜਕਲ ਲੋਕ ਮੋਟੀਵੇਸ਼ਨਲ ਕਹਾਣੀ ਤੋਂ ਜ਼ਿਆਦਾ ਗੈਂਗਸਟਰਾਂ ਦੀ ਕਹਾਣੀ ਨੂੰ ਤਵੱਜੋ ਦਿੰਦੇ ਹਨ। ਇਹ ਲੋਕਾਂ ਨੂੰ ਸੋਚਣਾ ਪਵੇਗਾ ਕਿ ਉਹਨਾਂ ਵਾਸਤੇ ਕਿਹੜਾ ਕੰਟੈਂਟ ਸਹੀ ਹੈ ਅਤੇ ਕਿਹੜਾ ਨਹੀਂ।

    ਗੈਂਗਸਟਰ ਸੁੱਖਾ ਕਾਹਲਵਾਂ ‘ਤੇ ਬਣ ਰਹੀ ਫਿਲਮ ਬਾਰੇ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ।

    Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ।
    ਸਿੱਧਾ ਸਾਡੇ WhatsApp ਗਰੁੱਪ ਨਾਲ ਜੁੜਣ ਲਈ ਲਿੰਕ ‘ਤੇ ਕਲਿੱਕ ਕਰੋ।

    Comments are closed.