IPL 2021 : ਕੋਲਕਾਤਾ ਨੂੰ 27 ਦੌੜਾਂ ਨਾਲ ਹਰਾ ਚੇਨਈ ਨੇ ਚੌਥੀ ਵਾਰ ਜਿੱਤਿਆ IPL ਦਾ ਖਿਤਾਬ

0
5352

IPL 2021 Final Match Result | ਚੇਨਈ ਸੁਪਰ ਕਿੰਗਜ਼ ਨੇ ਇਕ ਵਾਰ ਫਿਰ IPL ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚੇਨਈ ਨੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਹਰਾ ਕੇ ਚੌਥੀ ਵਾਰ IPL ਦੀ ਟਰਾਫੀ ਆਪਣੇ ਨਾਂ ਕੀਤੀ। ਪਿਛਲੇ ਆਈਪੀਐੱਲ ਵਿੱਚ CSK ਪਲੇਆਫ ਵਿੱਚ ਵੀ ਨਹੀਂ ਪਹੁੰਚ ਸਕੀ ਸੀ ਅਤੇ ਹੁਣ ਚੈਂਪੀਅਨ ਬਣ ਗਈ ਹੈ।

ਚੇਨਈ ਤੇ ਕੋਲਕਾਤਾ ਵਿਚਾਲੇ ਖੇਡਿਆ ਗਿਆ ਇਹ ਫਾਈਨਲ ਮੁਕਾਬਲਾ ਬੇਹੱਦ ਰੋਮਾਂਚਕ ਸੀ। ਇਸ ਮੁਕਾਬਲੇ ਵਿੱਚ ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕੀਤੀ।

ਚੇਨਈ ਨੇ ਟਾਸ ਹਾਰਨ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ 193 ਦੌੜਾਂ ਦਾ ਸ਼ਾਨਦਾਰ ਸਕੋਰ ਬਣਾਇਆ ਅਤੇ ਬਾਅਦ ਵਿੱਚ ਕੋਲਕਾਤਾ ਦੀ ਬੱਲੇਬਾਜ਼ੀ ਨੂੰ ਪੂਰੀ ਤਰ੍ਹਾਂ ਢੇਰੀ ਕਰ ਦਿੱਤਾ।

ਚੇਨਈ ਵੱਲੋਂ ਬੱਲੇਬਾਜ਼ੀ ਕਰਦਿਆਂ ਡੂ ਪਲੇਸੀ ਨੇ ਤੀਜੇ ਓਵਰ ਵਿੱਚ ਜੀਵਨਦਾਨ ਮਿਲਣ ਤੋਂ ਬਾਅਦ ਪਾਰੀ ਦੀ ਆਖਰੀ ਗੇਂਦ ‘ਤੇ ਆਊਟ ਹੋਣ ਤੋਂ ਪਹਿਲਾਂ 59 ਗੇਂਦਾਂ ਵਿੱਚ 86 ਦੌੜਾਂ ਬਣਾਈਆਂ, ਜਿਸ ਵਿੱਚ 7 ਚੌਕੇ ਅਤੇ 3 ਛੱਕੇ ਸ਼ਾਮਿਲ ਹਨ।

ਇਸ ਤੋਂ ਇਲਾਵਾ ਰਿਤੁਰਾਜ ਗਾਇਕਵਾੜ ਨੇ 27 ਗੇਂਦਾਂ ‘ਤੇ 32 ਦੌੜਾਂ ਦੇ ਨਾਲ ਪਹਿਲੀ ਵਿਕਟ ਲਈ 61 ਅਤੇ ਰੌਬਿਨ ਉਥੱਪਾ ਨਾਲ ਦੂਜੀ ਵਿਕਟ ਲਈ 63 ਦੌੜਾਂ ਤੇ ਮੋਇਨ ਅਲੀ ਨਾਲ ਤੀਜੇ ਵਿਕਟ ਲਈ 68 ਦੌੜਾਂ ਦੀ ਸਾਂਝੇਦਾਰੀ ਕੀਤੀ।

ਦੂਜੇ ਪਾਸੇ 193 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਕੋਲਕਾਤਾ ਵੱਲੋਂ ਸ਼ੁਬਮਨ ਗਿੱਲ ਨੇ 43 ਗੇਂਦਾਂ ‘ਤੇ 51 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵੈਂਕਟੇਸ਼ ਅਈਅਰ ਨੇ ਪਹਿਲੀ ਵਿਕਟ ਲਈ 91 ਦੌੜਾਂ ਜੋੜ ਕੇ ਠੋਸ ਸ਼ੁਰੂਆਤ ਦਿਵਾਈ ਪਰ ਇਸ ਤੋਂ ਬਾਅਦ ਕੋਲਕਾਤਾ ਦੀ ਟੀਮ ਨੇ 34 ਦੌੜਾਂ ਵਿੱਚ 8 ਵਿਕਟਾਂ ਗੁਆ ਦਿੱਤੀਆਂ ।

ਦੋਵੇਂ ਸਲਾਮੀ ਬੱਲੇਬਾਜ਼ਾਂ ਤੋਂ ਇਲਾਵਾ ਹੇਠਲੇ ਕ੍ਰਮ ਵਿੱਚ ਸਿਰਫ ਸ਼ਿਵਮ ਮਾਵੀ ਨੇ 20 ਅਤੇ ਲੌਕੀ ਫਰਗੂਸਨ ਨੇ ਨਾਬਾਦ 18 ਦੌੜਾਂ ਬਣਾਈਆਂ। ਇਹ 2 ਅਜਿਹੇ ਖਿਡਾਰੀ ਸਨ, ਜੋ ਦੋਹਰੇ ਅੰਕਾਂ ਤੱਕ ਪਹੁੰਚੇ, ਜਿਸ ਨਾਲ ਸਿਰਫ ਹਾਰ ਦਾ ਅੰਤਰ ਹੀ ਘੱਟ ਹੋਇਆ।

ਸ਼ਾਰਦੁਲ ਨੇ ਚੇਨਈ ਦੀ ਟੀਮ ਨੂੰ ਮੈਚ ਵਿੱਚ ਵਾਪਸੀ ਕਰਵਾਉਂਦਿਆਂ ਅਈਅਰ ਨੂੰ ਆਊਟ ਕੀਤਾ। ਸ਼ਾਰਦੁਲ ਠਾਕੁਰ ਨੇ ਇੱਕੋ ਓਵਰ ਵਿੱਚ 2 ਵਿਕਟਾਂ ਲਈਆਂ। ਵੈਂਕਟੇਸ਼ ਅਈਅਰ ਤੋਂ ਬਾਅਦ ਸ਼ਾਰਦੁਲ ਨੇ ਨਿਤੀਸ਼ ਰਾਣਾ ਨੂੰ ਚਲਦਾ ਕਰ ਦਿੱਤਾ।

ਇਸ ਮੁਕਾਬਲੇ ਵਿੱਚ ਸ਼ਾਰਦੁਲ ਤੋਂ ਇਲਾਵਾ ਰਵਿੰਦਰ ਜਡੇਜਾ ਨੇ ਵੀ ਆਪਣਾ ਕਮਾਲ ਦਿਖਾਇਆ ਤੇ ਆਪਣੇ 4 ਓਵਰਾਂ ਵਿੱਚ ਰਵਿੰਦਰ ਜਡੇਜਾ ਨੇ 2 ਵਿਕਟਾਂ ਲਈਆਂ । ਇਸ ਤੋਂ ਇਲਾਵਾ ਉਸ ਨੇ 2 ਸ਼ਾਨਦਾਰ ਕੈਚ ਵੀ ਲਏ ਅਤੇ ਵੇਖਦੇ ਹੀ ਵੇਖਦੇ ਚੇਨਈ ਨੇ ਕੋਲਕਾਤਾ ਨੂੰ ਮੈਚ ਤੋਂ ਬਾਹਰ ਕਰ ਦਿੱਤਾ।

ਚੇਨਈ ਸੁਪਰ ਕਿੰਗਜ਼ ਲਈ ਇਹ ਚੌਥਾ ਖਿਤਾਬ ਹੈ। ਸਾਲ 2021 ਤੋਂ ਇਲਾਵਾ ਮਹਿੰਦਰ ਸਿੰਘ ਧੋਨੀ ਦੀ ਟੀਮ ਨੇ 2010, 2011, 2018 ਵਿੱਚ ਖਿਤਾਬ ਜਿੱਤਿਆ ਸੀ।

ਇਹ ਖਿਤਾਬ ਚੇਨਈ ਲਈ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ IPL ਵਿੱਚ ਚੇਨਈ ਦੀ ਟੀਮ ਪਲੇਆਫ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਸੀ ਪਰ ਧੋਨੀ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਵਾਰ ਇਹ ਖਿਤਾਬ ਆਪਣੇ ਨਾਂ ਕਰ ਲਿਆ।