ਜ਼ਿੰਦਗੀ ਜਿਉਣ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੀ-ਗੁਰਪ੍ਰੀਤ

0
11007

ਗੁਰਪ੍ਰੀਤ ਡੈਨੀ | ਜਲੰਧਰ

ਕਵੀ ਗੁਰਪ੍ਰੀਤ ਦੀ ਕਵਿਤਾ ਮਾਂ ਦੀਆਂ ਲੋਰੀਆਂ ਵਰਗਾ ਅਹਿਸਾਸ ਹੈ। ਕਦੇ-ਕਦੇ ਉਸ ਦੀ ਕਵਿਤਾ ਮਲਹਾਰ ਰਾਗ ਦਾ ਰੂਪ ਧਾਰ ਕੇ ਧੁਰ ਮਨ ਅੰਦਰ ਮੇਘ ਵਰ੍ਹਾ ਦਿੰਦੀ ਹੈ। ਜਿਵੇਂ ਘਰ ਦੀਆਂ ਸੁਹਾਣੀਆਂ ਰੀਝ ਨਾਲ ਚਾਦਰਾਂ ਉੱਤੇ ਮੋਰ ਘੁੱਗੀਆਂ ਵਹੁੰਦੀਆਂ ਹਨ ਉਸੇ ਰੀਝ ਨਾਲ ਗੁਰਪ੍ਰੀਤ ਨੇ ਕਵਿਤਾ ਲਿਖੀ ਹੈ। ਜਿਸ ਦੌਰ ਵਿਚ ਦੁਨੀਆਂ ਘਰ ਦੀਆਂ ਬਾਲਕੋਨੀਆਂ ਵਿਚ ਬੰਦ ਹੈ। ਉਸ ਦੌਰ ਵਿਚ ਕਿਸੇ ਕਵੀ ਦਾ ਦਿਲ ਫਰੋਲਣਾ ਜਾਂ ਕਵੀ ਦਾ ਆਪਣੇ ਸਵੈ ਬਾਰੇ ਦੱਸਣਾ ਪਹਾੜ ਖੋਦਣ ਵਰਗਾ ਹੀ ਹੈ। ਗੁਰਪ੍ਰੀਤ ਨਾਲ ਹੋਈਆਂ ਲੰਮੀਆਂ ਗੱਲਾਂ ਦੇ ਕੁਝ ਖਾਸ ਹਿੱਸੇ ਪੜ੍ਹੋ।

ਆਪਣੇ ਬਾਰੇ ਦੱਸੋ ਕਵੀ ਹੋਣ ਤੋਂ ਪਹਿਲਾਂ?

ਡੈਨੀ, ਮੈਂ ਪਹਿਲਾਂ ਤੋਂ ਹੀ ਕਵੀ ਹੋਊਂ ਜੇ ਨਹੀਂ ਤਾਂ ਫਿਰ ਹੁਣ ਵੀ ਕਵੀ ਨਹੀਂ। ਕਿਉਂਕਿ ਕਵਿਤਾ ਲਿਖਣਾ ਪੜ੍ਹਨ ਮੇਰਾ ਸੁਭਾਅ ਹੈ। ਉਂਝ ਮੈਂ ਬਚਪਨ ਵਿਚ ਪੇਟਿੰਗ ਕਰਦਾ ਸੀ।

1996 ‘ਚ ਤੁਹਾਡੀ ਪਹਿਲੀ ਕਿਤਾਬ ਆਈ, ਉਸ ਦੇ ਮੁਕਾਬਲੇ ਹੁਣ ਵਾਲੀ ਕਵਿਤਾ ਜਵਾਨ ਹੋ ਗਈ ਤਾਂ ਨਹੀਂ ਜਾਪਦੀ?

ਹੁਣ ਵਾਲੀ ਕਵਿਤਾ ਭਾਵੇਂ ਜਵਾਨ ਹੋ ਗਈ, ਪਰ 1996 ਵਿਚ ਛਪੀ ਸ਼ਬਦਾਂ ਦੀ ਮਰਜੀ ਅਜੇ ਵੀ ਜਵਾਨ ਹੋਈ ਕਵਿਤਾ ਤੋਂ ਵੱਧ ਜਵਾਨ ਹੈ। ਇਹ ਕਹਿੰਦਿਆਂ ਮੈਂ ਉਸ ਗੁਰਪ੍ਰੀਤ ਨੂੰ ਅਜੇ ਵੀ ਕਈ ਵਾਰ ਉਡੀਕਦਾ ਹਾਂ ਜਿਹਨੇ ਉਹ ਕਵਿਤਾ ਲਿਖੀ ਸੀ।

ਕਵਿਤਾ, ਇਕੱਲਤਾ, ਭਟਕਣ, ਸ਼ਰਾਬ ਕਵੀਂ ਦਾ ਪਿੱਛਾ ਕਰਦੀਆਂ ਹਨ ਜਾਂ ਕਵੀ ਇਹਨਾਂ ਦਾ?

ਕਵਿਤਾ, ਇਕੱਲਤਾ, ਭਟਕਣ, ਸ਼ਰਾਬ ਨਾ ਤਾਂ ਕਵੀ ਦਾ ਪਿੱਛਾ ਕਰਦੀਆਂ ਨੇ ਤੇ ਨਾ ਹੀ ਕਵੀ ਇਹਨਾਂ ਦਾ। ਸਗੋਂ ਇਹ ਬਰਾ ਬਰੋਬਰ ਤੁਰਦੇ ਨੇ। ਸਗੋਂ ਇਕ ਦੂਜੇ ਵਿਚ  ਰਲਗੱਡ ਹੋ ਜਾਂਦੇ ਨੇ। ਦਰਅਸਲ ਇਹ ਸਾਰੇ ਸ਼ਬਦ ਇਕੋਂ ਸ਼ੈਅ ਦੇ ਵੱਖ-ਵੱਖ ਨਾਂ ਨੇ ਤੇ ਪਿਆਰ ਸ਼ਬਦ ਵੀ ਇਹਨਾਂ ਵਿਚ ਹੀ ਆਉਦਾ ਹੈ।

ਹਰੇਕ ਕੋਈ ਮਾਂ ਆਪਣੇ ਬੱਚੇ ਨੂੰ ਕੁਝ ਨਾ ਕੁਝ ਬਣਾਉਣਾ ਚਾਹੁੰਦੀ ਹੈ ਜੋ ਬੱਚਾ ਨਹੀਂ ਬਣਨਾ ਚਾਹੁੰਦਾ। ਤੁਹਾਡੀ ਮਾਂ ਤੁਹਾਨੂੰ ਕੀ ਬਣਾਉਣਾ ਚਾਹੁੰਦੀ ਸੀ?

ਯਾਰ ਸਾਡੀਆਂ ਮਾਵਾਂ ਸ਼ਾਇਦ ਅਜਿਹਾ ਕੁਝ ਨਹੀਂ ਸੀ ਸੋਚਦੀਆਂ। ਉਹਨਾਂ ਨੂੰ ਅਸੀਂ ਹਰ ਤਰ੍ਹਾਂ ਨਾਲ ਹੀ ਚੰਗੇ ਲੱਗਦੇ ਹਾਂ। ਸਾਧ ਵੀ ਤੇ ਠੱਗ ਵੀ….

ਮੈਂ ਤੇ ਜਸਵੰਤ ਦੀਦ ਹੁਰੀਂ ਗੱਲਾਂ ਕਰ ਰਹੇ ਸੀ। ਇਕ ਗੱਲ ਹੋਈ ਦੀਦ ਹੁਰੀਂ ਕਿਹਾ ਕਿ ਸਾਹਿਤ ਲਿਖਣਾ ਸ਼ਰਾਰਤੀ ਲੋਕਾਂ ਦਾ ਹੀ ਕੰਮ ਹੁੰਦਾ ਹੈ। ਤੁਹਾਡੀ ਕੋਈ ਸ਼ਰਾਰਤ ਹੋਵੇ?

ਦੀਦ ਦੀ ਗੱਲ ਠੀਕ ਹੋਵੇਗੀ। ਸ਼ਰਾਰਤ ਸਿਰਜਣਾ ਦਾ ਹੀ ਦੂਜਾ ਨਾਂ ਹੈ। ਸ਼ਰਾਰਤ ਸਦਾ ਹੀ ਖੂਬਸੂਰਤ ਹੁੰਦੀ ਹੈ, ਇਸੇ ਲਈ ਸਿਰਜਣਾ ਵੀ ਕਲਾਕਾਰ ਦਾ ਸ਼ਰਾਰਤੀ ਹੋਣਾ ਜ਼ਰੂਰੀ ਹੈ।

ਕਵੀ ਲਿਖਣ ਦੇ ਸ਼ੁਰੂਆਤੀ ਦਿਨਾਂ ਵਿਚ ਮਹੁਬੱਤ ਦੀ ਕਵਿਤਾ ਹੀ ਕਿਉ ਲਿਖਦਾ ਹੈ?

ਕਵੀ ਸ਼ੁਰੂਆਤੀ ਦਿਨਾਂ ਵਿਚ ਹੀ ਨਹੀਂ, ਪੂਰੀ ਉਮਰ ਹੀ ਮਹੁੱਬਤ ਦੀ ਕਵਿਤਾ ਲਿਖਦੇ ਨੇ। ਮੁਹੱਬਤ ਹੀ ਬੰਦੇ ਨੂੰ ਬੰਦਾ ਬਣਾਉਦੀ ਐ। ਸਾਨੂੰ ਇਸੇ ਲਈ ਖਿੜ੍ਹੇ ਫੁੱਲ ਵਹਿੰਦੇ ਪਾਣੀ ਚੰਗੇ ਲੱਗਦੇ ਨੇ।

ਮੈਂ ਬੁਹਤੀ ਵਾਰ ਲੇਖਕਾਂ ਅਤੇ ਹੋਰ ਦੋਸਤਾਂ ਕੋਲੋਂ ਪੁੱਛਦਾ ਹਾਂ ਅੱਜ ਤੁਹਾਡੇ ਕੋਲੋਂ ਵੀ ਪੁੱਛ ਲੈਂਦਾ ਹਾਂ “ਇਹ ਘਰ ਕੀ ਹੁੰਦਾ ਹੈ”?

ਬਹੁਤਾ ਨਹੀਂ ਪਤਾ। ਪਰ ਮੈਨੂੰ ਇਉਂ ਲੱਗਦਾ ਕਿ ਕਈ ਵਾਰ ਜਲਦੀ-ਜਲਦੀ ਘਰੋਂ ਬਾਹਰ ਜਾਣ ਨੂੰ ਮਨ ਕਹਾਲਾ ਪੈ ਜਾਂਦੈ ਤੇ ਕਈ ਵਾਰ ਬਾਹਰ ਗਏ ਨੂੰ ਜਲਦੀ-ਜਲਦੀ ਘਰੇ ਆਉਣ ਨੂੰ ਜੀਅ ਕਰਦੈ…

ਕੋਈ ਡਾਇਰੀ ਵਿਚੋਂ ਕਵਿਤਾ ਦੇ ਹਾਣ ਬਰੋਬਰ ਦੀ ਗੱਲ ਸੁਣਾਉ?

ਡਾਇਰੀ ਲਿਖਣ ਦੀ ਸਿਰਜਣ- ਪ੍ਰਕਿਰਿਆ ਕਵਿਤਾ ਵਰਗੀ ਹੀ ਹੈ। ਜਿਸ ਦਾ ਰੂਪ ਗਲਪ ਵਾਲਾ ਹੈ। ਉਦਾਹਰਣ ਦੀ ਫੋਟੋ ਅਲੱਗ ਹੈ।

ਮੈਂ ਪੱਤਰਕਾਰੀ ਦੇ ਸ਼ੁਰੂਆਤੀ ਦਿਨਾਂ ਵਿਚ ਬਠਿੰਡਾ/ਮਾਨਸਾ ਐਡੀਸ਼ਨ ਦੇਖਿਆ ਹੈ। ਰੋਜ਼ ਕੋਈ ਨਾ ਕੋਈ ਕੈਂਸਰ ਦਾ ਕੇਸ ਆਉਦਾ ਸੀ ਸ਼ਬਦਾਂ ਦੇ ਸ਼ਹਿਰ ਇਹ ਬਿਮਾਰੀ ਕਿੱਥੋਂ ਆ ਗਈ?

ਵਾਕਈ, ਸਾਡੇ ਜਿਲ੍ਹਿਆਂ ਵਿਚ ਕੈਂਸਰ ਦਾ ਕਰੋਪ ਵੱਧ ਹੈ। ਜ਼ਮੀਨੀ ਪਾਣੀ ਦੇ ਮਾੜੇ ਹੋਣ ਨੂੰ ਵੀ ਇਹਦਾ ਕਾਰਨ ਦੱਸਿਆ ਜਾਂਦੈ। ਮੈਨੂੰ ਇਹ ਵੀ ਲੱਗਦਾ ਕਿ ਬੰਦੇ ਦੀਆਂ ਗੁੰਝਲਾਂ ਗੰਢਾਂ ਵੀ ਕੈਂਸਰ ਦਾ ਰੂਪ ਧਾਰ ਲੈਂਦੀਆਂ ਹੋਣਗੀਆਂ। ਦੂਜਿਆਂ ਦੇ ਦੁੱਖਾਂ ਨੂੰ ਆਪਣੇ ਤੇ ਲੈ ਲੈਂਣ ਦਾ ਵੀ ਸ਼ਾਇਦ ਕਾਰਨ ਹੋਵੇ। ਨਾਟਕਕਾਰ ਔਲਖ ਤੇ ਦੇਵਨੀਤ ਦਾ ਦੇਹਾਂਤ ਵੀ ਕੈਂਸਰ ਨਾਲ ਹੋਇਆ। ਸਤੀ ਦਾ ਵੀ। ਦੁਨੀਆਂ ਦੇ ਕਈ ਵੱਡੇ ਲੇਖਕਾ, ਕਲਾਕਾਰਾਂ ਦਾ ਵੀ… ਮੈਂ ਤਾਂ ਸਾਹਿਤ ਜਾ ਵਿਦਿਆਰਥੀ ਹਾਂ, ਵਿਗਿਆਨਕ ਤੌਰ ਤੇ ਇਹਦਾ ਕੀ ਕਾਰਨ ਹੈ ਮੈਂ ਨਹੀਂ ਜਾਣਦਾ ਡੈਨੀ।

ਆਪਣੇ ਅਨੁਭਵ ਵਿਚੋਂ ਜਿੰਦਗੀ ਬਾਰੇ ਕੀ ਸਮਝੇ ਹੋ?

ਜਿੰਦਗੀ ਜਿਊਣ ਤੋਂ ਬਿਨ੍ਹਾਂ
ਕਿਸੇ ਕੰਮ ਨਹੀਂ ਆਉਂਦੀ
ਮੈਂ ਅਕਸਰ ਇਹਦੀਆਂ ਗੱਲਾਂ
ਚ ਆ ਜਾਂਦਾ ਹਾਂ
ਬੂਟਾ ਦੇ ਫੀਤੇ ਕਸਦਾ ਹਾਂ।।

ਜਦੋਂ ਦੇਵਨੀਤ ਨਾਲ ਤੁਸੀਂ ਚਿੰਤਨ ਕਰਦੇ ਸੀ ਸਭ ਤੋਂ ਵੱਧ ਕਿਸ ਵਿਸ਼ਾ ਬਾਰੇ ਗੱਲ ਹੁੰਦੀ ਸੀ?

ਕਦੇ ਕਿਸੇ ਵਿਸ਼ੇਸ਼ ਵਿਸ਼ੇ ਨੂੰ ਲੈ ਕੇ ਉਹਦੇ ਨਾਲ ਗੱਲ ਨਹੀਂ ਹੋਈ। ਬਸ ਜਿਵੇਂ ਦੋਸਤ ਹੁੰਦੇ ਆ। ਇਕ ਦੂਜੇ ਦੇ ਦੁੱਖ-ਸੁੱਖ ਦੀਆਂ ਬਾਤਾਂ, ਹਾਸਾ-ਠੱਡਾ ਅਸੀਂ ਦੋਹੇ ਮਿਲ ਕੇ ਹੱਸਦੇ ਬਹੁਤ ਸੀ। ਉਹਨਾਂ ਗੱਲਾਂ ਤੇ ਜਿੰਨਾਂ ਤੇ ਕੋਈ ਹੋਰ ਨੀਂ ਹੱਸ ਸਕਦਾ। ਉਹ ਗੱਲਾਂ ਅਸੀਂ ਇਕ ਦੂਜੇ ਦੀਆਂ ਸਮਝਦੇ ਸੀ।