ਅਧਿਆਪਕ ਨੇ ਕੀਤੀ ਬੇਇੱਜ਼ਤੀ, 10 ਸਾਲਾ ਵਿਦਿਆਰਥੀ ਨੇ ਘਰ ਜਾ ਕੇ ਦਿੱਤੀ ਜਾਨ

0
618

ਗਿਰੀਡੀਹ | ਬਗੋਦਰ ਵਿੱਚ ਰਾਕੇਸ਼ ਕੁਮਾਰ ਨਾਂ ਦੇ 10 ਸਾਲਾ ਵਿਦਿਆਰਥੀ ਨੇ ਸਕੂਲ ਅਧਿਆਪਕ ਵੱਲੋਂ ਕੀਤੀ ਬੇਇੱਜ਼ਤੀ ਅਤੇ ਝਿੜਕਾਂ ਤੋਂ ਦੁਖੀ ਹੋ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਮੌਕੇ ਤੋਂ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਬੱਚੇ ਨੇ ਆਪਣੇ ਅਧਿਆਪਕ ਨਾਗੇਸ਼ਵਰ ਬਾਰੇ ਲਿਖਿਆ ਹੈ, ‘ਮੈਂ ਜ਼ਰੂਰ ਮਾਰਾਂਗਾ, ਮਰਨ ਤੋਂ ਬਾਅਦ ਵੀ ਨਾਗੇਸ਼ਵਰ ਨੂੰ ਨਹੀਂ ਛੱਡਾਂਗਾ।’ ਨਾਲ ਹੀ ਲਿਖਿਆ, ‘ਲਵ ਯੂ ਪਾਪਾ ਲਵ ਯੂ ਮਾਂ, ਤੁਸੀਂ ਮੈਨੂੰ ਜਨਮ ਦਿੱਤਾ ਹੈ, ਮੈਂ ਹਮੇਸ਼ਾ ਤੁਹਾਡੇ ਨਾਲ ਰਹਾਂਗਾ।’ ਮੌਕੇ ‘ਤੇ ਪਹੁੰਚੇ ਐਸਡੀਪੀਓ ਨੌਸ਼ਾਦ ਆਲਮ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਹੈ। ਪਹਿਲੀ ਨਜ਼ਰੇ ਅਜਿਹਾ ਲੱਗ ਰਿਹਾ ਹੈ ਕਿ ਬੱਚੇ ਨੇ ਖੁਦਕੁਸ਼ੀ ਕੀਤੀ ਹੈ।

ਦੱਸਿਆ ਜਾਂਦਾ ਹੈ ਕਿ 10 ਸਾਲਾ ਰਾਕੇਸ਼ ਕੁਮਾਰ ਨੇ ਸਕੂਲ ‘ਚ ਝਿੜਕਾਂ ਤੋਂ ਬਾਅਦ ਘਰ ਪਹੁੰਚ ਕੇ ਸੁਸਾਈਡ ਨੋਟ ਲਿਖਿਆ ਅਤੇ ਫਿਰ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਬਗੋਦਰ ਇਲਾਕੇ ਦੇ ਨਹਿਰੂ ਪਬਲਿਕ ਸਕੂਲ ‘ਚ ਪੜ੍ਹਾਉਂਦੇ ਅਧਿਆਪਕ ਨਾਗੇਸ਼ਵਰ ‘ਤੇ ਦੋਸ਼ ਲਗਾਇਆ ਕਿ ਰਾਕੇਸ਼ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਮੇਂ ‘ਤੇ ਸਕੂਲ ਗਿਆ ਸੀ, ਜਿੱਥੇ ਅਧਿਆਪਕਾਂ ਵੱਲੋਂ ਝਿੜਕਣ ਤੋਂ ਬਾਅਦ ਉਸ ਨੇ ਘਰ ਆ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।