ਆਗਰਾ | ਇੰਸਟਾਗ੍ਰਾਮ ‘ਤੇ ਵੀਡੀਓ ਅਪਲੋਡ ਕਰਕੇ ਸੁਰਖੀਆਂ ਵਿੱਚ ਆਈ ਆਗਰਾ ਦੇ ਐੱਮਐੱਮ ਗੇਟ ਥਾਣੇ ‘ਚ ਤਾਇਨਾਤ ਮਹਿਲਾ ਕਾਂਸਟੇਬਲ ਪ੍ਰਿਅੰਕਾ ਮਿਸ਼ਰਾ ਮਾਨਸਿਕ ਤਣਾਅ ‘ਚੋਂ ਲੰਘ ਰਹੀ ਹੈ। ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਟਿੱਪਣੀਆਂ ਤੋਂ ਉਹ ਕਾਫੀ ਪ੍ਰੇਸ਼ਾਨ ਹੈ, ਜਿਸ ਕਰਕੇ ਉਸ ਨੇ ਆਪਣਾ ਅਸਤੀਫ਼ਾ ਐੱਸਐੱਸਪੀ ਮੁਨੀਰਾਜ ਨੂੰ ਸੌਂਪ ਦਿੱਤਾ ਹੈ।
ਪ੍ਰਿਅੰਕਾ ਮਿਸ਼ਰਾ ਨੇ ਇਕ ਵੀਡੀਓ ਬਣਾਇਆ ਸੀ, ਜਿਸ ਵਿੱਚ ਉਹ ਲਿਪਸਿੰਗ (ਕਿਸੇ ਦੇ ਬੋਲਾਂ ‘ਤੇ ਸਿਰਫ ਬੁੱਲ੍ਹ ਹਿਲਾਉਣੇ) ਕਰਦੀ ਦਿਖਾਈ ਦਿੱਤੀ ਸੀ। ਵੀਡੀਓ ਵਿੱਚ ਉਸ ਨੂੰ “ਹਰਿਆਣਾ-ਪੰਜਾਬ ਤੋ ਬੇਕਾਰ ਹੀ ਬਦਨਾਮ ਹੈ, ਆਓ ਕਭੀ ਉੱਤਰ ਪ੍ਰਦੇਸ਼ ਮੇਂ ਰੰਗਬਾਜ਼ੀ ਕਿਆ ਹੋਤੀ ਹੈ, ਹਮ ਤੁਮਹੇ ਬਤਾਤੇ ਹੈਂ, ਨਾ ਗੁੰਡਈ ਪੇ ਗਾਨਾ ਬਨਾਤੇ ਹੈ ਔਰ ਨਾ ਗਾੜੀ ਪਰ ਜਾਟ ਗੁੱਜਰ ਲਿਖਾਤੇ ਹੈ। ਹਮਾਰੇ ਯਹਾਂ ਤੋ ਪਾਂਚ ਸਾਲ ਕੇ ਲੌਂਡੇ ਕੱਟਾ ਚਲਾਤੇ ਹੈ” ਦੀ ਲਿਪਸਿੰਗ ਕਰਦੀ ਨੂੰ ਦੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮਿਊਜ਼ਿਕ ਦੇ ਨਾਲ-ਨਾਲ ਹੱਥ ਨਾਲ ਗੋਲ਼ੀ ਚਲਾਉਣ ਦਾ ਇਸ਼ਾਰਾ ਕਰਦੀ ਪ੍ਰਿਅੰਕਾ ਮਿਸ਼ਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਛਾ ਗਿਆ।
ਵੀਡੀਓ ਕਰਕੇ ਸੋਸ਼ਲ ਮੀਡੀਆ ‘ਤੇ ਪ੍ਰਿਅੰਕਾ ਦੇ ਫਾਲੋਅਰਜ਼ ਤਾਂ ਕਾਫੀ ਵੱਧ ਗਏ ਪਰ ਉਸ ਦੀ ਨਿੱਜੀ ਤੇ ਪੇਸ਼ਵਾਰਾਨਾ ਜ਼ਿੰਦਗੀ ਵਿੱਚ ਤਣਾਅ ਕਾਫੀ ਵੱਧ ਗਿਆ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਆਗਰਾ ਦੇ ਐੱਸਐੱਸਪੀ ਨੇ ਪ੍ਰਿਅੰਕਾ ਨੂੰ ਲਾਈਨ ਹਾਜ਼ਰ ਕਰ ਦਿੱਤਾ।
ਦੂਜੇ ਪਾਸੇ ਲੋਕਾਂ ਦੇ ਲਗਾਤਾਰ ਕੁਮੈਂਟ ਵੀ ਆ ਰਹੇ ਸੀ ਤੇ ਪ੍ਰੇਸ਼ਾਨ ਹੋਈ ਪ੍ਰਿਅੰਕਾ ਨੇ ਪੁਲਿਸ ਦੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਪਰ ਐੱਸਐੱਸਪੀ ਮੁਨੀਰਾਜ ਨੇ ਕਿਹਾ ਕਿ ਉਹ ਪ੍ਰਿਅੰਕਾ ਦੇ ਪਰਿਵਾਰ ਵਾਲਿਆਂ ਨਾਲ ਇਸ ਸਬੰਧੀ ਗੱਲਬਾਤ ਕਰਨ ਮਗਰੋਂ ਹੀ ਫੈਸਲਾ ਕਰਨਗੇ।