ਖੰਨਾ . ਇੱਕ ਪਾਸੇ ਤਾਂ ਸਰਕਾਰ ਕੋਰੋਨਾ ਮਹਾਮਾਰੀ ਦੌਰਾਨ ਆਮ ਲੋਕਾਂ ਨੂੰ ਘਰ ਰਹਿਣ ਦੀ ਬੇਨਤੀ ਕਰਕੇ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਉਧਰ ਦੂਜੇ ਪਾਸੇ ਆਮ ਲੋਕਾਂ ਨੂੰ ਭੇਜਿਆ ਰਾਸ਼ਨ ਮਨੁੱਖ ਦੇ ਖਾਣ ਲਾਇਕ ਤਾਂ ਕੀ ਜਾਨਵਰਾਂ ਦੇ ਖਾਣਯੋਗ ਵੀ ਨਹੀਂ। ਜਾਣਕਾਰੀ ਮੁਤਾਬਕ ਆਟੇ ‘ਚ ਸੁੰਡੀਆਂ ਪਈਆਂ ਹਨ ਤੇ ਦਾਲ ਤੇ ਖੰਡ ਵੀ ਖ਼ਰਾਬ ਹੈ।
ਦੱਸ ਦਈਏ ਕਿ ਅਜਿਹਾ ਹੀ ਰਾਸ਼ਨ ਖੰਨਾ ਦੇ ਪਿੰਡ ਕੋਟ ਸੇਖੋਂ ਵਿੱਚ ਵੰਡਿਆ ਗਿਆ। ਉਸੇ ਪਿੰਡ ਦੇ ਪੰਚਾਇਤੀ ਮੈਂਬਰ ਇਸ ਨੂੰ ਸਰਪੰਚ ਦੀ ਗਲਤੀ ਕਹਿ ਰਹੇ ਹਨ। ਪਿੰਡ ਦੀ ਸਰਪੰਚ ਕਾਂਗਰਸੀ ਹੈ ਤੇ ਉਨ੍ਹਾਂ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ, ਜਦਕਿ ਸਰਪੰਚ ਦੇ ਪਤੀ ਦਾ ਮੰਨਣਾ ਹੈ ਕਿ ਕੁਝ ਬੈਗ ਖਰਾਬ ਹਨ। ਇਹ ਕਹਿ ਕੇ ਉਨ੍ਹਾਂ ਨੇ ਆਪਣਾ ਪੱਲਾ ਇਸ ਮੁੱਦੇ ਤੋਂ ਝਾੜ ਦਿੱਤਾ। ਪਿੰਡ ਵਾਸੀਆਂ ਨੇ ਕਿਹਾ ਕਿ ਜੋ ਰਾਸ਼ਨ ਕਿੱਟਾਂ ਵਿਚ ਵੰਡਿਆ ਗਿਆ ਹੈ, ਉਹ ਵਰਤਣ ਦੇ ਯੋਗ ਨਹੀਂ।
ਰਾਸ਼ਨ ‘ਚ ਕੀੜੇ-ਮਕੌੜੇ, ਜਾਲੇ, ਸੁਸਰੀ ਆਦਿ ਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਰਾਸ਼ਨ ਦੀਆਂ ਕਿੱਟਾਂ ਭੇਜੀਆਂ ਗਈਆਂ ਸੀ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਵੇਖੇ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖ਼ਰਾਬ ਹਨ।ਸਰਪੰਚ ਪਰਮਜੀਤ ਕੌਰ ਦੇ ਪਤੀ ਜੀਓਜੀ ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਾਨੂੰ ਸਰਕਾਰੀ ਰਾਸ਼ਨ ਕਿੱਟਾਂ 133 ਦੇ ਕਰੀਬ ਆਈਆਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਕੋਲ 6-7 ਦੇ ਕਰੀਬ ਰਾਸ਼ਨ ਦੀਆਂ ਕਿੱਟਾਂ ਬਚ ਗਈਆਂ ਜੋ ਗਰੀਬਾਂ ‘ਚ ਵੰਡ ਦਿੱਤੀਆਂ ਗਈਆਂ ਸੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਖ਼ਰਾਬ ਕਿੱਟਾਂ ਜ਼ਰੂਰ ਨਿਕਲੀਆਂ ਸੀ ਤੇ ਉਨ੍ਹਾਂ ਨੂੰ ਅਸੀਂ ਆਪਣੇ ਪੱਲਿਓਂ ਰਾਸ਼ਨ ਦੇ ਦਿੱਤਾ। ਇਸ ‘ਤੇ ਹੁਣ ਕੁਝ ਲੋਕ ਸਿਆਸਤ ਕਰ ਜਾਣਬੁੱਝ ਕੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ।