ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਮਹਿੰਗਾਈ ਦਾ ਤੜਕਾ ਗਰਮੀ ਦੇ ਸੀਜ਼ਨ ਵਿਚ ਹੋਰ ਵਧ ਗਿਆ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੇ ਵਧਦੇ ਰੇਟਾਂ ਕਾਰਨ ਆਮ ਬੰਦੇ ਦਾ ਬਜਟ ਘਟਦਾ ਜਾ ਰਿਹਾ ਹੈ । ਲੋਕ ਭਰਮ ਵਿਚ ਹਨ ਕਿ ਕੀ ਖਰੀਦਣ ਅਤੇ ਕੀ ਨਾਂ ਖਰੀਦਣ ਕਿਉਂਕਿ ਰਸੋਈ ਵਿਚ ਰੋਜ਼ਾਨਾ ਇਸਤੇਮਾਲ ਹੋਣ ਵਾਲਾ ਸਾਮਾਨ ਪਾਰੇ ਵਾਂਗ ਚੜ੍ਹਦਾ ਜਾ ਰਿਹਾ ਹੈ ।
ਸਰ੍ਹੋਂ ਦੇ ਤੇਲ ਦਾ ਰੇਟ ਬੇਸ਼ੱਕ 200 ਤੋਂ 165 ਰੁਪਏ ਪ੍ਰਤੀ ਲੀਟਰ ‘ਤੇ ਆ ਗਿਆ ਹੈ ਪਰ ਉਥੇ ਹੀ ਰਸੋਈ ਵਿਚ ਇਸਤੇਮਾਲ ਹੋਣ ਵਾਲੀਆਂ 8 ਹੋਰ ਚੀਜ਼ਾਂ ਦੇ ਰੇਟ ਵਧ ਗਏ ਹਨ । ਇਕ ਤਰੀਕ ਤੋਂ ਦੁੱਧ 6 ਰੁਪਏ ਪ੍ਰਤੀ ਲੀਟਰ ਵਧ ਗਿਆ ਹੈ, ਉਥੇ ਹੀ ਪੈਟ੍ਰੋਲ ਦੇ ਚੋਣਾਂ ਤੋਂ ਬਾਅਦ 10 ਰੁਪਏ ਪ੍ਰਤੀ ਲੀਟਰ ਰੇਟ ਵਧ ਗਏ ਹਨ। ਕਿਤਾਬਾਂ ਦੇ ਰੇਟ ਵਿਚ 15-20 ਫੀਸਦੀ ਇਜ਼ਾਫਾ ਹੋ ਗਿਆ ਹੈ।
ਬਾਸਮਤੀ ਚਾਵਲ ਜੋ 78 ਰੁਪਏ ਕਿਲੋ ਸਨ, ਨਰਾਤਿਆਂ ਵਿਚ ਮੰਗ ਵਧਣ ਕਾਰਨ 98 ਤੋਂ 102 ਰੁਪਏ ਕਿਲੋ ਵਿੱਕ ਰਹੇ ਹਨ । ਨਿੰਬੂ ਦੇ ਰੇਟ ਵੀ ਬੇਤਹਾਸ਼ਾ ਵਧ ਗਏ ਹਨ। ਰਹਿੰਦੀ ਕਸਰ ਸਬਜ਼ੀਆਂ ਦੇ ਰੇਟਾਂ ਵਿਚ ਵਾਧੇ ਨੇ ਪੂਰੀ ਕਰ ਦਿੱਤੀ ਹੈ। ਭਿੰਡੀ 80 ਤੋਂ 100 ਰੁਪਏ ਪ੍ਰਤੀ ਕਿਲੋ ਤੇ ਵਿੱਕ ਰਹੀ ਹੈ । ਚਿੱਟੇ ਛੋਲੇ ਜੋ ਪਹਿਲਾਂ 73 ਰੁਪਏ ਪ੍ਰਤੀ ਕਿਲੋ ਸੀ ਹੁਣ 89 ਤੋਂ 100 ਰੁਪਏ ਅਤੇ ਜ਼ੀਰਾ 245 ਤੋਂ 250 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ ।
ਮਹਿੰਗੀਆਂ ਚੀਜ਼ਾਂ ਕਾਰਨ ਸੇਲ ‘ਤੇ ਪੈ ਰਿਹੈ ਅਸਰ – ਦੁਕਾਨਦਾਰ
ਦੁਕਾਨਦਾਰ ਅਨਿਲ ਸੋਨੀ ਕਹਿੰਦੇ ਹਨ ਕਿ ਜਦੋਂ ਖਰਚਾ ਗਾਹਕ ਦੀ ਪਹੁੰਚ ਤੋਂ ਬਾਹਰ ਹੁੰਦਾ ਹੈ ਤਾਂ ਉਹ ਖਰੀਦਦਾਰੀ ਵੀ ਘੱਟ ਕਰਦਾ ਹੈ । ਦੁਕਾਨਦਾਰਾਂ ਨੇ ਕਿਹਾ ਕਿ ਨਰਾਤਿਆਂ ਵਿਚ ਇਨ੍ਹਾਂ ਸਭ ਚੀਜ਼ਾਂ ਦੀ ਮੰਗ ਵਧਣ ਤੇ ਗਰਮੀ ਦੇ ਸੀਜ਼ਨ ਵਿਚ ਵਾਧੂ ਖਪਤ ਕਾਰਨ ਰੇਟ ਵਧ ਜਾਂਦੇ ਹਨ ।