ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਇਸ ਸਾਲ ਹੁਣ ਤੱਕ ਕਣਕ ਦੇ ਰੇਟ 30 ਫੀਸਦੀ ਤੋਂ ਜ਼ਿਆਦਾ ਵਧ ਗਏ ਹਨ। ਸ਼ੁੱਕਰਵਾਰ ਨੂੰ ਇਹ 2842 ਰੁਪਏ ਪ੍ਰਤੀ ਕੁਇੰਟਲ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ ਹੈ, ਜਿਸ ਕਾਰਨ ਰੋਟੀ ਅਤੇ ਬਿਸਕੁਟ ਵਰਗੇ ਰੋਜ਼ਾਨਾ ਦੇ ਖਾਧ ਖਪਤ ਦੇ ਪ੍ਰੋਡਕਟਸ ਮਹਿੰਗੇ ਹੋਣਗੇ। ਆਮ ਤੌਰ ‘ਤੇ ਕਣਕ ਦੇ ਰੇਟ ‘ਚ ਤੇਜ਼ੀ ਦੇ ਮੁਕਾਬਲੇ ਆਟੇ ਦੇ ਰੇਟ ਜ਼ਿਆਦਾ ਵਧਦੇ ਹਨ। ਬੀਤੇ ਤਿੰਨ ਮਹੀਨਿਆਂ ‘ਚ ਕਣਕ 15.25 ਫੀਸਦੀ ਮਹਿੰਗੀ ਹੋਈ ਹੈ, ਜਦਕਿ ਆਟੇ ਦੇ ਰੇਟ ਚ 18-19 ਫੀਸਦੀ ਤੇਜ਼ੀ ਆਈ ਹੈ।
ਇਹ ਦਿਲਚਸਪ ਹੈ ਕਿ ਵਧਦੇ ਰੇਟ ਤੇ ਲਗਾਮ ਲਾਉਣ ਲਈ ਸਰਕਾਰ ਨੇ ਮਈ ਮਹੀਨੇ ਕਣਕ ਦੇ ਨਿਰਯਾਤ ‘ਤੇ ਪਾਬੰਦੀ ਲਗਾਈ ਸੀ ਪਰ ਭਾਅ ਵਧਦੇ ਰਹੇ, ਹਾਲਾਂਕਿ ਇਸ ‘ਚ ਤੇਜ਼ੀ ਬਣੇ ਰਹਿਣ ਦੇ ਅਨੁਮਾਨ ਘੱਟ ਹਨ । ਆਈਆਈਐਫਐਲ ਸਕਿਓਰਿਟੀਜ਼ ਦੇ ਵਾਇਸ ਪ੍ਰੈਸੀਡੈਂਟ ਅਨੁਜ ਗੁਪਤਾ ਨੇ ਕਿਹਾ ਕਿ ਦਸੰਬਰ ਤੋਂ ਬਾਅਦ ਕਣਕ ਦੇ ਰੇਟ ਘੱਟਣੇ ਸ਼ੁਰੂ ਹੋਣਗੇ। ਇਸ ਸਾਲ ਦੇਸ਼ ਚ ਕਣਕ ਦਾ ਉਤਪਾਦਨ ਬੀਤੇ ਸਾਲ ਦੇ ਮੁਕਾਬਲੇ 15-20 ਫੀਸਦੀ ਵਧਣ ਦੀ ਸੰਭਾਵਨਾ ਹੈ। ਬਿਹਤਰ ਭਾਅ ਮਿਲਣ ਕਾਰਨ ਕਿਸਾਨਾਂ ਨੇ ਖੇਤੀ ਵਧਾਈ ਹੈ ।
ਕਣਕ ਦੀ ਕੀਮਤ ਵੱਧਣ ਦੇ ਕਾਰਨ
- ਸਰਕਾਰੀ ਸਟਾਕ ਰਹਿ ਗਿਆ ਅੱਧਾ : ਅਕਤੂਬਰ ਤੱਕ ਸਰਕਾਰੀ ਗੋਦਮਾਂ ‘ਚ ਕਣਕ ਦਾ ਸਟਾਕ ਘੱਟ ਕੇ 2.27 ਕਰੋੜ ਟਨ ਰਹਿ ਗਿਆ।
- ਬਹੁਤ ਘੱਟ ਸਰਕਾਰੀ ਖਰੀਦ : ਇਸ ਸਾਲ ਦੀ ਸਰਕਾਰੀ ਖਰੀਦ ਬੀਤੇ ਸਾਲ ਦੇ ਮੁਕਾਬਲੇ 57 ਫੀਸਦੀ ਘੱਟ ਰਹੀ, ਜਿਸ ਕਾਰਨ ਸਰਕਾਰ ਕੋਲ ਸਪਲਾਈ ਵਧਾਉਣ ਦੀ ਸੀਮਿਤ ਗੁੰਜਾਇਸ਼ ਹੈ।
- ਉਤਪਾਦਨ ਘੱਟ : ਇਸ ਸਾਲ ਦੇਸ਼ ਚ ਕਰੀਬ 9.5 ਕਰੋੜ ਟਨ ਕਣਕ ਉਤਪਾਦਨ ਦੀ ਸੰਭਾਵਨਾ ਹੈ, ਲੇਕਿਨ ਸਰਕਾਰ ਦਾ ਅਨੁਮਾਨ ਸੀ ਕਿ10.68 ਕਰੋੜ ਟਨ ਉਤਪਾਦਨ ਹੋਵੇਗਾ।
- ਸਪਲਾਈ ਦੀ ਦਿੱਕਤ : ਰੂਸ ਚ ਕਣਕ ਦੀ ਉਤਪਾਦਨ ਤਾਂ ਵਧਿਆ ਹੋਇਆ ਸੀ ਪਰ ਯੂਕ੍ਰੇਨ ਦੇ ਨਾਲ ਯੁੱਧ ਫਿਰ ਭੜਕਣ ਨਾਲ ਇਸ ਦੀ ਸਪਲਾਈ ਨੂੰ ਲੈ ਕੇ ਦਿੱਕਤ ਵੱਧ ਗਈ ਹੈ ।