ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਉਣ ਨਾਲ ਮਚੀ ਹਾਹਾਕਾਰ, ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਲਾਈ ਰੋਕ

0
17722

ਨਵੀਂ ਦਿੱਲੀ | ਯੂਕੇ ਵਿੱਚ ਕੋਰੋਨਾ ਵਾਇਰਸ ਦਾ ਨਵਾਂ ਰੂਪ, ਜੋ ਬਹੁਤ ਤੇਜ਼ੀ ਨਾਲ ਫੈਲਦਾ ਹੈ, ਸਾਹਮਣੇ ਆਉਣ ਤੋਂ ਬਾਅਦ ਭਾਰਤ ਨੇ ਯੂਕੇ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 31 ਦਸੰਬਰ ਤਕ ਲਈ ਰੋਕ ਲਗਾ ਦਿੱਤੀ ਹੈ। ਯੂਕੇ ਵਿੱਚ ਕੋਵਿਡ-19 ਦੀ ਨਵੀਂ ਲਾਗ ਕਾਰਨ ਅਫਰਾ ਤਫਰੀ ਮਚ ਗਈ ਹੈ।

ਭਾਰਤ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਹਾਲਾਂਕਿ ਕਿਹਾ ਕਿ ਕਰੋਨਾ ਦੇ ਨਵੇਂ ਰੂਪ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਹਵਾਬਾਜ਼ੀ ਮੰਤਰਾਲੇ ਨੇ ਕਿਹਾ ਕਿ ਯੂਕੇ ਦੇ ਮੌਜੂਦਾ ਹਾਲਾਤ ਨੂੰ ਦੇਖਦਿਆਂ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ’ਤੇ 31 ਦਸੰਬਰ ਤਕ ਲਈ ਰੋਕ ਲਗਾ ਦਿੱਤੀ ਗਈ ਹੈ।

ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਚੌਕਸ ਹੈ, ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਕਾਬਲੇਗੌਰ ਹੈ ਕਿ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਉਣ ਬਾਅਦ ਵਿਸ਼ਵ ਵਿੱਚ ਮੁਸ਼ਕਲ ਵਧ ਗਈ ਹੈ। ਯੂਕੇ ਵਿੱਚ ਕਰੋਨਾਵਾਇਰਸ ਦੀ ਨਵੀਂ ਕਿਸਮ ਦੀ ਲਾਗ ਤੇਜ਼ੀ ਨਾਲ ਫੈਲ ਰਹੀ ਹੈ।

ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੰਗ ਕੀਤੀ ਸੀ ਕਿ ਯੂਕੇ ਵਿੱਚ ਕਰੋਨਾ ਵਾਇਰਸ ਦੇ ਪਰਿਵਰਤਨਸ਼ੀਲ ਰੂਪ ਨੂੰ ਦੇਖਦਿਆਂ ਕੇਂਦਰ ਸਰਕਾਰ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਰੋਕ ਲਗਾਏ। ਕੇਜਰੀਵਾਲ ਨੇ ਟਵੀਟ ਕੀਤਾ, ‘‘ ਯੂਕੇ ਵਿੱਚ ਕਰੋਨਾਵਾਇਰਸ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜੋ ਤੇਜ਼ੀ ਨਾਲ ਫੈਲ ਰਿਹਾ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ’ਤੇ ਤੁਰਤ ਪਾਬੰਦੀ ਲਗਾਏ। ’’