ਭਾਰਤ-ਕੈਨੇਡਾ ਵਿਵਾਦ : ਜਨਵਰੀ ‘ਚ ਸ਼ੁਰੂ ਹੋਣ ਵਾਲੇ ਸੈਸ਼ਨ ‘ਚ 36 ਹਜ਼ਾਰ ਪੰਜਾਬੀ ਵਿਦਿਆਰਥੀਆਂ ਨੇ ਲਿਆ ਦਾਖਲਾ, ਪਰਿਵਾਰਕ ਮੈਂਬਰ ਚਿੰਤਤ

0
782

ਚੰਡੀਗੜ੍ਹ, 24 ਸਤੰਬਰ | 8 ਜਨਵਰੀ ਤੋਂ ਕੈਨੇਡਾ ‘ਚ ਸਟੱਡੀ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਪੰਜਾਬ ਦੇ 36 ਹਜ਼ਾਰ ਵਿਦਿਆਰਥੀ ਕੈਨੇਡਾ ਦੇ ਕਾਲਜਾਂ ‘ਚ ਦਾਖਲਾ ਲੈ ਚੁੱਕੇ ਹਨ ਅਤੇ 70 ਫੀਸਦੀ ਵਿਦਿਆਰਥੀਆਂ ਦੇ ਵੀਜ਼ੇ ਆ ਚੁੱਕੇ ਹਨ ਅਤੇ ਹਵਾਈ ਟਿਕਟਾਂ ਬੁੱਕ ਹੋ ਚੁੱਕੀਆਂ ਹਨ ਪਰ ਕੈਨੇਡਾ ਅਤੇ ਭਾਰਤ ਦੇ ਵਿਗੜ ਰਹੇ ਸਬੰਧਾਂ ਨੇ ਵਿਦਿਆਰਥੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਮਾਪੇ ਵੀ ਇਸ ਗੱਲੋਂ ਚਿੰਤਤ ਹਨ ਕਿ ਜੇਕਰ ਰਿਸ਼ਤਾ ਹੋਰ ਵਿਗੜ ਗਿਆ ਤਾਂ ਉਨ੍ਹਾਂ ਦੇ ਬੱਚਿਆਂ ਦਾ ਕੀ ਬਣੇਗਾ। ਕੀ ਉਨ੍ਹਾਂ ਦਾ ਸਾਲ ਖਰਾਬ ਹੋ ਜਾਵੇਗਾ? ਵਰਤਮਾਨ ‘ਚ ਕੁੱਲ 2,09,930 ਭਾਰਤੀ ਵਿਦਿਆਰਥੀ ਕਾਲਜਾਂ ‘ਚ ਪੜ੍ਹ ਰਹੇ ਹਨ, ਜਦਕਿ 80,270 ਯੂਨੀਵਰਸਿਟੀਆਂ ‘ਚ ਪੜ੍ਹ ਰਹੇ ਹਨ। ਕੈਨੇਡਾ ਕਾਲਜਾਂ ਨੂੰ ਡਿਪਲੋਮਾ ਦੇਣ ਵਾਲੀਆਂ ਸੰਸਥਾਵਾਂ ਵਜੋਂ ਪਰਿਭਾਸ਼ਿਤ ਕਰਦਾ ਹੈ, ਜਦਕਿ ਯੂਨੀਵਰਸਿਟੀਆਂ ਬੈਚਲਰ, ਮਾਸਟਰ ਅਤੇ ਡਾਕਟਰੇਟ ਡਿਗਰੀਆਂ ਪ੍ਰਦਾਨ ਕਰਦੀਆਂ ਹਨ।

ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਬਾਰੇ ਸਥਾਈ ਕਮੇਟੀ ਅਤੇ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੇ ਅੰਕੜਿਆਂ ਅਨੁਸਾਰ ਇਹ ਵਿਦਿਆਰਥੀ ਕੈਨੇਡੀਅਨ ਆਰਥਿਕਤਾ ‘ਚ ਪ੍ਰਤੀ ਸਾਲ 22.3 ਬਿਲੀਅਨ ਕੈਨੇਡੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਉਂਦੇ ਹਨ। ਭਾਰਤੀ ਕਰੰਸੀ ‘ਚ ਲਗਭਗ 65 ਹਜ਼ਾਰ ਕਰੋੜ ਰੁਪਏ ਫੀਸਾਂ ਅਤੇ ਹੋਰ ਖਰਚਿਆਂ ਲਈ ਕੈਨੇਡਾ ਜਾ ਰਹੇ ਹਨ।

ਇਸ ਵਧਦੇ ਕੂਟਨੀਤਕ ਸੰਕਟ ਦਾ ਕੈਨੇਡਾ ਦੀ ਸਿੱਖਿਆ ਪ੍ਰਣਾਲੀ ‘ਤੇ ਮਹੱਤਵਪੂਰਣ ਪ੍ਰਭਾਵ ਪੈਣ ਦੀ ਸੰਭਾਵਨਾ ਹੈ, ਜੋ ਉੱਚ ਸਿੱਖਿਆ ਲਈ ਪਰਵਾਸ ਕਰਨ ਵਾਲੇ ਭਾਰਤੀ ਵਿਦਿਆਰਥੀਆਂ ‘ਤੇ ਬਹੁਤ ਜ਼ਿਆਦਾ ਨਿਰਭਰ ਹੈ। ਵੀਜ਼ਾ ਮਾਹਿਰ ਅਨੁਸਾਰ ਭਾਰਤੀ ਵਿਦਿਆਰਥੀ ਕੈਨੇਡੀਅਨ ਵਿਦਿਆਰਥੀਆਂ ਨਾਲੋਂ ਦੁੱਗਣਾ ਯੋਗਦਾਨ ਪਾਉਂਦੇ ਹਨ ਅਤੇ ਕਾਲਜ ਪ੍ਰਣਾਲੀ ਲਈ ਓਨਟਾਰੀਓ ਸਰਕਾਰ ਦੇ ਫੰਡਾਂ ਨਾਲੋਂ ਥੋੜ੍ਹਾ ਵੱਧ ਯੋਗਦਾਨ ਪਾਉਂਦੇ ਹਨ। ਪਿਛਲੇ ਕੁਝ ਸਾਲਾਂ ‘ਚ ਕੈਨੇਡਾ ‘ਚ ਸਟੱਡੀ ਵੀਜ਼ਾ ਦੇ ਨਾਲ ਰਹਿਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ।