ਇਜ਼ਰਾਈਲ ਤੇ ਹਮਾਸ ਜੰਗ ਵਿਚਾਲੇ ਫਲਸਤੀਨੀਆਂ ਦੀ ਮਦਦ ਲਈ ਅੱਗੇ ਆਇਆ ਭਾਰਤ : ਦਵਾਈਆਂ ਤੇ ਰਾਹਤ ਸਮੱਗਰੀ ਭੇਜੀ

0
719

ਨਵੀਂ ਦਿੱਲੀ, 22 ਅਕਤੂਬਰ | ਇਜ਼ਰਾਈਲ ਤੇ ਹਮਾਸ ਵਿਚ ਯੁੱਧ ਪਿਛਲੇ ਕਈ ਦਿਨਾਂ ਤੋਂ ਜਾਰੀ ਹੈ। ਇਸ ਯੁੱਧ ਦੀ ਵਜ੍ਹਾ ਨਾਲ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਹਨ। ਹਜ਼ਾਰਾਂ ਲੋਕਾਂ ਦਾ ਘਰ ਉਜੜ ਗਿਆ ਹੈ। ਖਾਣ-ਪੀਣ ਲਈ ਕੁਝ ਵੀ ਨਹੀਂ ਹੈ। ਲੋਕ ਖੁੱਲ੍ਹੀਆਂ ਸੜਕਾਂ ‘ਤੇ ਸੌਣ ਨੂੰ ਮਜਬੂਰ ਹਨ। ਇਸ ਦਰਮਿਆਨ ਫਲਸਤੀਨੀਆਂ ਦੀ ਮਦਦ ਲਈ ਭਾਰਤ ਅੱਗੇ ਆਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਰਮ ਬਾਗਚੀ ਨੇ ਕਿਹਾ ਕਿ ਭਾਰਤ ਨੇ ਫਲਸਤੀਨੀ ਲੋਕਾਂ ਲਈ ਮਨੁੱਖੀ ਸਹਾਇਤਾ ਭੇਜੀ ਹੈ, ਜਿਸ ਵਿਚ ਦਵਾਈਆਂ ਤੇ ਰਾਹਤ ਸਮੱਗਰੀ ਸ਼ਾਮਲ ਹੈ।

ਅਰਿੰਦਮ ਬਾਗਚੀ ਨੇ ਕਿਹਾ ਕਿ ਡਾਕਟਰੀ ਸਪਲਾਈ ਵਿਚ ਜ਼ਰੂਰੀ ਜੀਵਨ ਰੱਖਿਅਕ ਦਵਾਈਆਂ ਤੇ ਐਮਰਜੈਂਸੀ ਹਾਲਾਤਾਂ ਨਾਲ ਨਿਪਟਣ ਲਈ ਸਰਜੀਕਲ ਦਾ ਸਾਮਾਨ ਭੇਜਿਆ ਹੈ। ਇਸ ਦੇ ਨਾਲ ਹੀ ਤਤਕਾਲ ਰਾਹਤ ਲਈ ਮਨੁੱਖੀ ਸਹਾਇਤਾ ਵਿਚ ਦਰਦ ਨਿਵਾਰਕ ਦਵਾਈਆਂ ਨੂੰ ਸ਼ਾਮਲ ਕੀਤਾ ਗਿਆ ਹੈ। ਲਗਭਗ 32 ਟਨ ਵਜ਼ਨੀ ਰਾਹਤ ਸਮੱਗਰੀ ਵਿਚ ਟੈਂਟ, ਸਲੀਪਿੰਗ ਬੈਗ, ਤਿਰਪਾਲ, ਦਵਾਈਆਂ ਆਦਿ ਸ਼ਾਮਲ ਹਨ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਰਾਹਤ ਸਮੱਗਰੀ ਲੈ ਕੇ ਭਾਰਤੀ ਹਵਾਈ ਫੌਜ ਦਾ C-17 ਜਹਾਜ਼ ਸਵੇਰੇ 8 ਵਜੇ ਹਿੰਡਨ ਏਅਰਬੇਸ ਤੋਂ ਰਵਾਨਾ ਹੋਇਆ। ਇਹ ਦੁਪਹਿਰ 3 ਵਜੇ ਇਕ ਮਿਸਰ ਦੇ ਐਲ-ਅਰਿਸ਼ ਹਵਾਈ ਅੱਡੇ ‘ਤੇ ਉਤਰੇਗਾ। ਇਥੋਂ ਟਰੱਕਾਂ ਦੀ ਮਦਦ ਨਾਲ ਅੱਗੇ ਰਾਹਤ ਸਮੱਗਰੀ ਪਹੁੰਚਾਈ ਜਾਵੇਗੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਅਰਿੰਦਮ ਬਾਗਚੀ ਨੇ ਕਿਹਾ ਕਿ ਭਾਰਤ ਫਲਸਤੀਨੀ ਲੋਕਾਂ ਨੂੰ ਮਨੁੱਖੀ ਸਹਾਇਤਾ ਭੇਜ ਰਿਹਾ ਹੈ। ਫਲਸਤੀਨੀ ਲੋਕਾਂ ਲਈ ਲਗਭਗ 6.5 ਟਨ ਸਹਾਇਤਾ ਤੇ 32 ਟਨ ਆਪਦਾ ਰਾਹਤ ਸਮੱਗਰੀ ਲੈ ਕੇ IAF ਦਾ ਜਹਾਜ਼ C-17 ਮਿਸਰ ਦੇ ਐਲ-ਅਰਿਸ਼ ਹਵਾਈ ਅੱਡੇ ਲਈ ਰਵਾਨਾ ਹੋ ਗਿਆ ਹੈ।