ਚੰਡੀਗੜ੍ਹ/ਲੁਧਿਆਣਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ‘ਚ ਤਿਰੰਗਾ ਲਹਿਰਾਇਆ।ਆਜ਼ਾਦੀ ਦਿਹਾੜੇ ਦੇ ਇਸ ਵਿਸ਼ੇਸ਼ ਸਮਾਗਮ ‘ਚ ਇਕ ਅਲੱਗ ਤਸਵੀਰ ਵੇਖਣ ਨੂੰ ਮਿਲੀ। ਬੀਤੇ ਦਿਨੀਂ ਕੋਰੋਨਾ ਕਾਰਨ ਫੇਸ ਮਾਸਕ ਲਾਜ਼ਮੀ ਕਰਨ ਵਾਲੀ ਸਰਕਾਰ ਇਸ ਸਮਾਗਮ ਦੌਰਾਨ ਮਾਸਕ ਉਤਰਵਾਉਂਦੇ ਦਿਖਾਈ ਦਿੱਤੀ।ਸਮਾਗਮ ‘ਚ ਪਹੁੰਚੇ ਬੱਚਿਆਂ ਦੇ ਕਾਲੇ ਰੰਗ ਦੇ ਮਾਸਕ ਉਤਰਵਾਏ ਗਏ।
ਇੰਝ ਜਾਪਦਾ ਹੈ ਕਿ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਾਲੇ ਮਾਸਕ ਤੋਂ ਖ਼ਤਰਾ ਹੈ। ਤਸਵੀਰ ਤੋਂ ਤਾਂ ਕੁੱਝ ਅਜਿਹਾ ਹੀ ਲਗਦਾ ਹੈ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਸੋਮਵਾਰ 15 ਅਗਸਤ ਨੂੰ ਲੁਧਿਆਣਾ ਵਿੱਚ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਵਿੱਚ ਆਏ ਸਾਰੇ ਬੱਚਿਆਂ ਨੂੰ ਮਾਸਕ ਉਤਾਰਨ ਲਈ ਮਜਬੂਰ ਕਰ ਦਿੱਤਾ, ਜੋ ਗਲਤੀ ਨਾਲ ਕਾਲੇ ਮਾਸਕ ਪਹਿਨ ਕਿ ਆਏ ਸੀ। ਇਸ ਰਾਜ ਪੱਧਰੀ ਪ੍ਰੋਗਰਾਮ ਵਿੱਚ ਸੀਐਮ ਭਗਵੰਤ ਮਾਨ ਨੇ ਝੰਡਾ ਲਹਿਰਾਇਆ। ਮਾਸਕ ਉਤਾਰਨ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਨ੍ਹਾਂ ਬੱਚਿਆਂ ਨੂੰ ਕਿਸੇ ਹੋਰ ਰੰਗ ਦਾ ਮਾਸਕ ਦੇਣਾ ਵੀ ਜ਼ਰੂਰੀ ਨਹੀਂ ਸਮਝਿਆ।
ਪੰਜਾਬ ਸਰਕਾਰ ਨੇ ਦੋ ਦਿਨ ਪਹਿਲਾਂ ਇੱਕ ਹੁਕਮ ਜਾਰੀ ਕਰਕੇ ਸੂਬੇ ਦੇ ਸਕੂਲਾਂ, ਕਾਲਜਾਂ, ਮਾਲਜ਼ ਅਤੇ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਸੀ। ਸੂਬਾ ਸਰਕਾਰ ਨੇ ਇਹ ਫੈਸਲਾ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਹੈ ਪਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਬੱਚਿਆਂ ਦੇ ਮਾਸਕ ਉਤਾਰ ਕੇ ਇੱਕ ਤਰ੍ਹਾਂ ਨਾਲ ਸਰਕਾਰ ਦੇ ਇਸ ਹੁਕਮ ਦੀ ਉਲੰਘਣਾ ਕੀਤੀ ਹੈ। ਉਹ ਵੀ ਮੁੱਖ ਮੰਤਰੀ ਦੀ ਹਾਜ਼ਰੀ ਵਿੱਚ।
ਦਰਅਸਲ ਦੇਸ਼ ਦੇ 75ਵੇਂ ਆਜ਼ਾਦੀ ਦਿਹਾੜੇ ‘ਤੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ‘ਚ ਆਯੋਜਿਤ ਪ੍ਰੋਗਰਾਮ ‘ਚ ਝੰਡਾ ਲਹਿਰਾਉਣ ਸਮੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਰੱਖਿਆ ਨੂੰ ਲੈ ਕੇ ਡਰ ਸੀ ਕਿ ਕਿਤੇ ਕੋਈ ਕਾਲਾ ਝੰਡਾ ਜਾਂ ਕਾਲਾ ਕੱਪੜਾ ਨਾ ਦਿਖਾ ਦੇਣ। ਇਸ ਕਾਰਨ ਉਸ ਨੇ ਕਾਲੇ ਕੱਪੜੇ ਪਾ ਕੇ ਕਿਸੇ ਨੂੰ ਵੀ ਸਟੇਡੀਅਮ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ। ਪਰ ਪੁਲਿਸ ਅਧਿਕਾਰੀ ਬੱਚਿਆਂ ਅਤੇ ਹੋਰ ਲੋਕਾਂ ਵਿੱਚ ਫਰਕ ਕਰਨਾ ਭੁੱਲ ਗਏ। ਕੁਝ ਬੱਚਿਆਂ ਨੇ ਆਪਣੇ ਆਪ ਨੂੰ ਸੂਰਜ ਤੋਂ ਬਚਾਉਣ ਲਈ ਕਾਲੀਆਂ ਟੋਪੀਆਂ ਪਹਿਨੀਆਂ ਸਨ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਵੀ ਉਤਾਰ ਦਿੱਤਾ।