ਵਿਆਹਾਂ ‘ਚ ਫਾਇਰ ਕੱਢਣ ਵਾਲਿਆਂ ਦੀ ਆਏਗੀ ਸ਼ਾਮਤ, ਹਥਿਆਰਾਂ ਦੇ ਲਾਇਸੰਸ ਹੋਣਗੇ ਰੱਦ

0
224

ਲੁਧਿਆਣਾ, 11 ਫਰਵਰੀ| ਵਿਆਹ ਸਮਾਗਮਾਂ ਵਿਚ ਫਾਇਰਿੰਗ ਕਰਨਾ ਆਮ ਗੱਲ ਹੋ ਗਈ ਹੈ। ਵਿਆਹਾਂ ਵਿਚ ਫਾਇਰੰਗ ਕਰਨਾ ਇਕ ਸੋਸ਼ਲ ਸਟੇਟਸ ਬਣਦਾ ਜਾ ਰਿਹਾ ਹੈ।

ਹੁਣ ਵਿਆਹ ਸਮਾਗਮਾਂ ਜਾਂ ਕਿਸੇ ਹੋਰ ਜਨਤਕ ਥਾਂ ‘ਤੇ ਫਾਇਰ ਕਰਨਾ ਮਹਿੰਗਾ ਪਏਗਾ। ਪੁਲਿਸ ਲਾਇਸੈਂਸੀ ਹਥਿਆਰ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਲਵੇਗੀ। ਅਜਿਹੇ ਲੋਕਾਂ ਦੇ ਲਾਇਸੈਂਸ ਰੱਦ ਹੋਣਗੇ। ਪੁਲਿਸ ਇਹ ਐਕਸ਼ਨ ਵਿਆਹ ਸਮਾਗਮਾਂ ਵਿੱਚ ਫਾਇਰਿੰਗ ਦੀਆਂ ਘਟਨਾਵਾਂ ਸਾਹਮਣੇ ਆਉਣ ਮਗਰੋਂ ਲੈ ਰਹੀ ਹੈ।

ਹਾਸਲ ਜਾਣਕਾਰੀ ਮੁਤਾਬਕ ਗਲਤ ਤਰੀਕੇ ਨਾਲ ਗਲਤ ਜਗ੍ਹਾ ’ਤੇ ਲਾਇਸੈਂਸੀ ਹਥਿਆਰ ’ਚੋਂ ਗੋਲੀ ਚਲਾ ਕੇ ਦਹਿਸ਼ਤ ਫੈਲਾਉਣ ਤੇ ਲੋਕਾਂ ਦੀ ਜਾਨ ਨੂੰ ਖਤਰੇ ’ਚ ਪਾਉਣ ਵਾਲੇ 6 ਲਾਇਸੈਂਸ ਧਾਰਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ। ਯਾਦ ਰਹੇ ਕੁਝ ਦਿਨ ਪਹਿਲਾਂ ਸ਼ਹਿਰ ਵਿੱਚ ਇੱਕ ਵਿਆਹ ਸਮਾਗਮ ’ਚ ਗੋਲੀ ਚੱਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

ਪੁਲਿਸ ਵੱਲੋਂ ਸਾਫ਼ ਤੌਰ ’ਤੇ ਚਿਤਾਵਨੀ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਲਾਇਸੈਂਸੀ ਹਥਿਆਰ ਦੀ ਗਲਤ ਤਰੀਕੇ ਨਾਲ ਵਰਤੋਂ ਕਰਦਾ ਹੈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਜਵੱਦੀ ਇਲਾਕੇ ’ਚ ਸਥਿਤ ਪੈਲੇਸ ’ਚ ਵਿਆਹ ਸਮਾਗਮ ’ਚ ਗਾਣਾ ਬਦਲਣ ਨੂੰ ਲੈ ਕੇ ਹੋਈ ਬਹਿਸ ਤੋਂ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਹਥਿਆਰ ’ਚੋਂ ਤਿੰਨ ਗੋਲੀਆਂ ਚਲਾ ਦਿੱਤੀਆਂ ਸਨ।

ਇਸ ਦੌਰਾਨ ਇੱਕ ਗੋਲੀ ਉੱਥੇ ਨੱਚ ਰਹੇ ਨੌਜਵਾਨ ਦੇ ਜਾ ਲੱਗੀ ਸੀ। ਇਸ ਤੋਂ ਬਾਅਦ ਉਥੇਂ ਦਹਿਸ਼ਤ ਫੈਲ ਗਈ ਤੇ ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉਧਰ ਭੱਜਣ ਲੱਗੇ। ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਨ, ਜਿੱਥੇ ਲਾਇਸੈਂਸ ਧਾਰਕਾਂ ਨੇ ਹਥਿਆਰ ਦੀ ਗਲਤ ਵਰਤੋਂ ਕੀਤੀ ਸੀ ਜਿਸ ਦੇ ਬਾਰੇ ’ਚ ਪੁਲਿਸ ਨੂੰ ਪਹਿਲਾਂ ਤੋਂ ਜਾਣਕਾਰੀ ਸੀ।

ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ 6 ਲੋਕਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਹਨ ਜਿਨ੍ਹਾਂ ਨੇ ਆਪਣੇ ਹਥਿਆਰਾਂ ਦੀ ਗਲਤ ਵਰਤੋਂ ਕੀਤੀ ਹੈ।