ਪੰਜਾਬ ‘ਚ ਵਧ ਰਹੀਆਂ ਬੇਅਦਬੀ ਦੀਆਂ ਘਟਨਾਵਾਂ : ਲੁਧਿਆਣਾ ਵਿੱਚ CP ਦਫ਼ਤਰ ਦੇ ਬਾਹਰ ਪਿੱਪਲ ਦੇ ਦਰੱਖਤ ਹੇਠ ਮਿਲੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਖੰਡਿਤ ਅੰਗ

0
961

ਲੁਧਿਆਣਾ | ਪੰਜਾਬ ‘ਚ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਲੁਧਿਆਣਾ ਵਿੱਚ ਮੰਗਲਵਾਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਗ ਖਿੱਲਰੇ ਹੋਏ ਮਿਲੇ, ਜਿਨ੍ਹਾਂ ਨੂੰ ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਰਾਜੀਵ ਟੰਡਨ, ਅਮਿਤ ਅਰੋੜਾ ਤੇ ਗੋਰਾ ਥਾਪਰ ਨੇ ਪੁਲਿਸ ਹਵਾਲੇ ਕੀਤਾ ਤੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ।

ਪੁਲਿਸ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਸਥਿਤ ਢਾਬੇ ਤੇ ਪ੍ਰਾਚੀਨ ਸ਼ਿਵ ਮੰਦਿਰ ਨੇੜੇ ਪਿੱਪਲ ਦੇ ਦਰੱਖਤ ਹੇਠਾਂ ਹਿੰਦੂ ਧਾਰਮਿਕ ਗ੍ਰੰਥ ਸ਼੍ਰੀਗਰੁੜ ਪੁਰਾਣ, ਸ਼੍ਰੀਮਦ ਭਗਵਤ ਗੀਤਾ ਤੇ ਹੋਰ ਗ੍ਰੰਥਾਂ ਦੇ ਪਏ ਹੋਣ ਦੀ ਸੂਚਨਾ ਮਿਲਦਿਆਂ ਹੀ ਸ਼ਿਵ ਸੈਨਿਕਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਥੇ ਆ ਕੇ ਉਨ੍ਹਾਂ ਨੇ ਸੜਕ ’ਤੇ ਸੁੱਟੇ ਗ੍ਰੰਥਾਂ ਦੇ ਅੰਗ ਚੁੱਕੇ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਏ.ਡੀ.ਸੀ.ਪੀ ਅਸ਼ਵਨੀ ਗੋਟਿਆਲ ਤੇ ਏ.ਸੀ.ਪੀ ਨਰੇਸ਼ ਬਹਿਲ ਨੇ ਮੌਕੇ ‘ਤੇ ਪਹੁੰਚ ਕੇ ਅੰਗਾਂ ਨੂੰ ਕਬਜ਼ੇ ‘ਚ ਲਿਆ।

ਪਹਿਲਾਂ ਵੀ ਪ੍ਰਦਰਸ਼ਨ ਕਰ ਚੁੱਕੇ ਹਨ ਹਿੰਦੂ ਸੰਗਠਨ

ਇਸ ਤੋਂ ਪਹਿਲਾਂ ਵੀ ਫੋਕਲ ਪੁਆਇੰਟ ਇਲਾਕੇ ਵਿੱਚ ਗਊ ਹੱਤਿਆ ਦੀ ਘਟਨਾ ਸਾਹਮਣੇ ਆ ਚੁੱਕੀ ਹੈ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ।

ਪੁਲਿਸ ਅਜੇ ਤੱਕ ਇਸ ਮਾਮਲੇ ‘ਚ ਆਰੋਪੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਅਜਿਹੇ ‘ਚ ਹਿੰਦੂ ਸੰਗਠਨਾਂ ਨੇ ਐਲਾਨ ਕੀਤਾ ਕਿ ਜੇਕਰ ਆਰੋਪੀਆਂ ਨੂੰ ਜਲਦ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ।

CCTV ਕੈਮਰਿਆਂ ਦੀ ਜਾਂਚ ਕਰੇਗੀ ਪੁਲਿਸ

ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਏਡੀਸੀਪੀ ਅਸ਼ਵਨੀ ਗੋਟਿਆਲ ਤੇ ਏਸੀਪੀ ਨਰੇਸ਼ ਬਹਿਲ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਸ਼ਿਕਾਇਤ ਦਰਜ ਕਰਕੇ ਅਪਰਾਧਿਕ ਮਾਮਲਾ ਵੀ ਦਰਜ ਕੀਤਾ ਜਾਵੇਗਾ। ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਗ੍ਰੰਥ ਕਿਸ ਨੇ ਇੱਥੇ ਸੁੱਟੇ ਹਨ।