ਅਪ੍ਰੈਲ ਮਹੀਨੇ ਅਸਮਾਨੋਂ ਵਰ੍ਹੇ ਗੜਿਆਂ ਨੇ ਸੁੱਕਣੇ ਪਾਏ ਕਿਸਾਨ, ਨੁਕਸਾਨੀ ਗਈ ਖੇਤਾਂ ‘ਚ ਖੜ੍ਹੀ ਤੇ ਮੰਡੀਆਂ ‘ਚ ਪਈ ਫਸਲ

0
4623

ਸੰਗਰੂਰ| ਮੌਸਮ ਵਿੱਚ ਵੱਡੀ ਤਬਦੀਲੀ ਹੋ ਰਹੀ ਹੈ। ਇਸ ਵਾਰ ਅਪ੍ਰੈਲ ਵਿੱਚ ਵੀ ਗੜ੍ਹੇਮਾਰੀ ਹੋ ਰਹੀ ਹੈ। ਬੁੱਧਵਾਰ ਨੂੰ ਲਹਿਰਾਗਾਗਾ ਦੇ ਪਿੰਡਾਂ ਵਿੱਚ ਬਾਰਿਸ਼ ਤੇ ਗੜੇਮਾਰੀ ਹੋਈ। ਇਸ ਨਾਲ ਫਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। 

ਦੱਸ ਦਈਏ ਕਿ ਮੌਸਮ ਦੇ ਬਦਲੇ ਮਜਾਜ਼ ਨੇ ਕਿਸਾਨਾਂ ਦੀ ਮਿਹਨਤ ‘ਤੇ ਪਾਣੀ ਫੇਰ ਦਿੱਤਾ ਹੈ। ਬੁੱਧਵਾਰ ਨੂੰ ਤਕਰੀਬਨ ਸ਼ਾਮ ਚਾਰ ਕੁ ਵਜੇ ਲਹਿਰਾਗਾਗਾ ਦੇ ਨੰਗਲਾ, ਸੰਗਤੀਵਾਲਾ, ਭਾਈ ਕੀ ਪਸ਼ੋਰ ਆਦਿ ਪਿੰਡਾਂ ਵਿੱਚ ਇੱਕਦਮ ਭਾਰੀ ਗੜੇਮਾਰੀ ਹੋਣ ਲੱਗੀ। ਇਸ ਨਾਲ ਕਿਸਾਨਾਂ ਦੀਆਂ ਖੇਤਾਂ ਵਿੱਚ ਖੜ੍ਹੀਆਂ ਤੇ ਮੰਡੀਆਂ ਵਿੱਚ ਪਈਆਂ ਕਣਕਾਂ ਗੜ੍ਹਿਆਂ ਨਾਲ ਢੱਕ ਗਈਆਂ। 

ਉਧਰ, ਮੰਡੀਆਂ ਵਿੱਚ ਪਈ ਕਣਕ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਕੇ ਖਰਾਬ ਹੋ ਗਈ ਹੈ। ਖੇਤਾਂ ਵਿੱਚ ਖੜ੍ਹੀ ਸਬਜ਼ੀਆਂ ਦੀ ਫ਼ਸਲ ਮਿਰਚ ਆਦਿ ਬਿਲਕੁਲ ਬਰਬਾਦ ਹੋ ਗਈ ਹੈ। ਤੂੜੀ ਕਰਨ ਵਾਲਾ ਕਣਕ ਦਾ ਨਾੜ ਤੂੜੀ ਕਰਨ ਯੋਗ ਨਹੀਂ ਰਿਹਾ ਜਾਂ ਫਿਰ ਪੀਲਾ ਪੈ ਜਾਵੇਗਾ। ਕਿਸਾਨਾਂ ਨੂੰ ਵੱਡੇ ਪੱਧਰ ਉੱਤੇ ਮਾਰ ਪਈ ਹੈ।

ਦੱਸ ਦਈਏ ਕਿ ਪੰਜਾਬ ਦੇ ਕਈ ਖ਼ਿੱਤਿਆਂ ’ਚ ਮੁੜ ਬੇਮੌਸਮੇ ਮੀਂਹ ਅਤੇ ਗੜੇਮਾਰੀ ਨੇ ਕਣਕ ਦੀ ਖੜ੍ਹੀ ਫ਼ਸਲ ਨੂੰ ਮਧੋਲ ਦਿੱਤਾ ਹੈ। ਬੀਤੀ ਰਾਤ ਕਈ ਜ਼ਿਲ੍ਹਿਆਂ ਵਿੱਚ ਤੇਜ਼ ਝੱਖੜ ਆਇਆ ਤੇ ਦਰਮਿਆਨੀ ਬਾਰਿਸ਼ ਵੀ ਹੋਈ। ਬੁੱਧਵਾਰ ਦੁਪਹਿਰ ਬਾਅਦ ਕਈ ਜ਼ਿਲ੍ਹਿਆਂ ਵਿਚ ਅਚਨਚੇਤ ਗੜੇ ਪਏ ਤੇ ਮੀਂਹ ਪਿਆ।

ਮੌਸਮ ਵਿਭਾਗ ਨੇ ਅੱਜ ਵੀ ਗੜੇ ਪੈਣ, ਗਰਜ ਤੇ ਤੇਜ਼ ਹਨੇਰੀ ਦੇ ਨਾਲ ਨਾਲ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਪੇਸ਼ੀਨਗੋਈ ਕੀਤੀ ਹੈ। ਬੁੱਧਵਾਰ ਨੂੰ ਚਮਕੌਰ ਸਾਹਿਬ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਤੋਂ ਇਲਾਵਾ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਕਈ ਪਿੰਡਾਂ ਵਿਚ ਗੜੇ ਪੈਣ ਦੀਆਂ ਰਿਪੋਰਟਾਂ ਹਨ। ਖੰਨਾ ਮੰਡੀ ਵਿੱਚ ਤੇਜ਼ ਮੀਂਹ ਪਿਆ ਅਤੇ ਫ਼ਤਿਹਗੜ੍ਹ ਸਾਹਿਬ ਦੇ ਪਿੰਡ ਸੈਦਪੁਰ ਤੇ ਮੋਹਨਮਾਜਰਾ ਵਿੱਚ ਗੜੇ ਪਏ ਹਨ। ਇਸੇ ਤਰ੍ਹਾਂ ਅਜਨਾਲਾ, ਬਲਾਚੌਰ, ਸੰਗਰੂਰ ਜ਼ਿਲ੍ਹੇ ਦੇ ਹਲਕਾ ਦਿੜ੍ਹਬਾ ਤੇ ਪਟਿਆਲਾ ਦੇ ਘੜਾਮ ਇਲਾਕੇ ਵਿਚ ਵੀ ਗੜੇ ਪਏ।