ਕੇਂਦਰੀ ਜੇਲ ‘ਚ ਕੈਦੀ ਨੇ ਦਰੱਖਤ ਤੋਂ ਛਾਲ ਮਾਰ ਕੇ ਕੀਤੀ ਖੁਦਕੁਸ਼ੀ, ਨਸ਼ਾ ਤਸਕਰੀ ਦੇ ਮਾਮਲੇ ‘ਚ ਸੀ ਕੈਦ

0
616
ਕੈਦੀ ਦੀ ਗ੍ਰਿਫਤਾਰੀ ਸਮੇਂ ਦੀ ਤਸਵੀਰ

ਪਟਿਆਲਾ, 4 ਅਕਤੂਬਰ | ਕੇਂਦਰੀ ਜੇਲ ਵਿਚ ਇੱਕ ਕੈਦੀ ਨੇ ਦਰੱਖਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਕੈਦੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਜੇਲ ਵਿਚ ਸੀ, ਉਸ ਨੇ ਬੀਤੇ ਦਿਨ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਕੈਦੀ ਦੀ ਲਾਸ਼ ਨੂੰ ਰਜਿੰਦਰਾ ਹਸਪਤਾਲ ਦੇ ਮੁਰਦਾਘਰ ਵਿੱਚ ਭੇਜ ਦਿੱਤਾ ਗਿਆ। ਜਿੱਥੇ ਸ਼ੁੱਕਰਵਾਰ ਨੂੰ ਉਸ ਦਾ ਪੋਸਟਮਾਰਟਮ ਹੋਵੇਗਾ।

ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਉਰਫ਼ ਸੋਨੂੰ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 28 ਸਾਲ ਹੈ। ਉਸ ਨੂੰ ਨਸ਼ੀਲੇ ਕੈਪਸੂਲ ਸਮੇਤ ਕਾਬੂ ਕੀਤਾ ਗਿਆ, ਜਿਸ ਨੂੰ ਅਦਾਲਤ ਵਿਚ ਪੇਸ਼ ਕਰਨ ਉਪਰੰਤ ਕੇਂਦਰੀ ਜੇਲ ਭੇਜ ਦਿੱਤਾ ਗਿਆ। ਵੀਰਵਾਰ ਨੂੰ ਉਸ ਨੇ ਦਰੱਖਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਲਾਸ਼ ਨੂੰ ਰਜਿੰਦਰਾ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਮ੍ਰਿਤਕ ਕੈਦੀ ਦੇ ਰਿਸ਼ਤੇਦਾਰਾਂ ਦੇ ਬਿਆਨ ਲਏ ਜਾਣਗੇ। ਇਸ ਤੋਂ ਬਾਅਦ ਮੈਜਿਸਟਰੇਟ ਦੀ ਹਾਜ਼ਰੀ ‘ਚ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਜਦੋਂ ਕੈਦੀ ਨੇ ਦਰੱਖਤ ਤੋਂ ਛਾਲ ਮਾਰੀ ਤਾਂ ਇਕ ਜੇਲ ਕਰਮਚਾਰੀ ‘ਤੇ ਡਿੱਗ ਗਿਆ, ਜਿਸ ਕਾਰਨ ਕਰਮਚਾਰੀ ਦੇ ਦੰਦ ਵੀ ਟੁੱਟ ਗਏ। ਜ਼ਖ਼ਮੀ ਮੁਲਾਜ਼ਮ ਜਸਕਿੰਦਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਮਾਮਲੇ ਦੀ ਜਾਣਕਾਰੀ ਤ੍ਰਿਪੜੀ ਥਾਣੇ ਨੂੰ ਦਿੱਤੀ ਗਈ ਹੈ, ਇਹ ਘਟਨਾ ਵੀਰਵਾਰ ਦੁਪਹਿਰ ਬਾਅਦ ਦੀ ਦੱਸੀ ਜਾ ਰਹੀ ਹੈ।