ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਹੰਗਾਮਾ ਮਚ ਗਿਆ ਹੈ। ਪਾਰਟੀ ‘ਤੇ ਬਾਦਲ ਪਰਿਵਾਰ ਦੀ ਏਕਾਧਿਕਾਰ ‘ਤੇ ਸਵਾਲ ਉਠਾਏ ਜਾ ਰਹੇ ਹਨ। ਪਾਰਟੀ ਲੀਡਰਸ਼ਿਪ ਵਿੱਚ ਬਦਲਾਅ ਦੀ ਮੰਗ ਕਰਨ ਵਾਲੀ ਲਾਬੀ ਮਜ਼ਬੂਤ ਹੁੰਦੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ 5 ਮੈਂਬਰੀ ਅਨੁਸ਼ਾਸਨੀ ਕਮੇਟੀ ਦਾ ਗਠਨ ਕੀਤਾ ਹੈ। ਜਿਸ ਦਾ ਚੇਅਰਮੈਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਲਾਇਆ ਗਿਆ ਹੈ। ਇਸ ਵਿੱਚ ਸ਼ਰਨਜੀਤ ਢਿੱਲੋਂ, ਵਿਰਸਾ ਸਿੰਘ ਵਲਟੋਹਾ, ਮਨਤਾਰ ਸਿੰਘ ਬਰਾੜ ਤੇ ਡਾ: ਸੁਖਵਿੰਦਰ ਸੁੱਖੀ ਨੂੰ ਵੀ ਰੱਖਿਆ ਗਿਆ ਹੈ।
ਅਕਾਲੀ ਦਲ ‘ਚ ਬਾਗੀ ਰਵੱਈਆ ਦਿਖਾ ਰਹੇ ਵਿਧਾਇਕ ਮਨਪ੍ਰੀਤ ਇਆਲੀ ਤੋਂ ਇਲਾਵਾ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਜਗਮੀਤ ਬਰਾੜ ਹੋਰ ਆਗੂਆਂ ਨੂੰ ਲਗਾਤਾਰ ਮਿਲ ਰਹੇ ਹਨ। ਸੀਨੀਅਰ ਆਗੂ ਨਿਰਮਲ ਸਿੰਘ ਕਾਹਲੋਂ ਦੇ ਘਰ ਪੁੱਜੇ ਇਆਲੀ ਨੇ ਕਿਹਾ ਕਿ ਸਾਡਾ ਇੱਕੋ-ਇੱਕ ਏਜੰਡਾ ਹੈ ਕਿ ਅਕਾਲੀ ਦਲ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ।
ਅਕਾਲੀ ਦਲ ਨੂੰ ਲਗਾਤਾਰ ਦੂਜੀ ਵਾਰ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਮੇਤ ਸਾਰੇ ਦਿੱਗਜ ਹਾਰ ਗਏ ਹਨ। ਅਕਾਲੀ ਦਲ ਨੇ ਇਸ ਹਾਰ ਦੀ ਜਾਂਚ ਲਈ ਸੀਨੀਅਰ ਆਗੂ ਇਕਬਾਲ ਝੂੰਦਾਂ ਦੀ ਅਗਵਾਈ ਹੇਠ ਕਮੇਟੀ ਬਣਾਈ ਸੀ। ਜਿਸ ਦੀ ਰਿਪੋਰਟ ਹਾਲ ਹੀ ਵਿੱਚ ਪੇਸ਼ ਕੀਤੀ ਗਈ ਹੈ। ਅਕਾਲੀ ਦਲ ਦਾ ਦਾਅਵਾ ਹੈ ਕਿ ਪਾਰਟੀ ਮੁਖੀ ਨੂੰ ਬਦਲਣ ਦੀ ਕੋਈ ਗੱਲ ਨਹੀਂ ਹੋਈ।