ਅੰਮ੍ਰਿਤਸਰ | ਸ੍ਰੀ ਹਰਿਮੰਦਰ ਸਾਹਿਬ ‘ਚ ਬੇਅਦਬੀ ਕਰਨ ਵਾਲੇ ਆਰੋਪੀ ਦਾ ਅੱਜ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਸ ਦੀ ਮੌਤ ਦੇ 72 ਘੰਟਿਆਂ ਬਾਅਦ ਪੋਸਟਮਾਰਟਮ ਕਰਵਾਇਆ ਗਿਆ ਤੇ ਉਸ ਦੇ ਸਰੀਰ ਦੇ ਕੁਝ ਅੰਗ ਡੀ.ਐੱਨ.ਏ. ਦੇ ਨਾਲ ਜੋੜਨ ਲਈ ਰੱਖ ਲਏ ਗਏ ਹਨ।
ਇਸ ਤੋਂ ਬਾਅਦ ਆਰੋਪੀ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਅਜੇ ਹੋਰ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੌਰਾਨ ਵੀਡੀਓਗ੍ਰਾਫੀ ਵੀ ਕੀਤੀ ਗਈ।
ਪੋਸਟਮਾਰਟਮ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਆਰੋਪੀ ਦੇ ਸਿਰ ‘ਚ ਗੰਭੀਰ ਸੱਟਾਂ ਲੱਗੀਆਂ ਸਨ ਤੇ ਨੌਜਵਾਨ ਦੀ ਮੌਤ ਸਿਰ ਦੀ ਹੱਡੀ ਟੁੱਟਣ ਕਾਰਨ ਹੋਈ ਸੀ। ਦੱਸ ਦੇਈਏ ਕਿ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਆਰੋਪੀ ਦੇ ਕਤਲ ਤੋਂ ਬਾਅਦ ਸੂਬੇ ‘ਚ ਮਾਹੌਲ ਕਾਫੀ ਗਰਮਾ ਗਿਆ ਸੀ। ਕਤਲ ਕਰਨ ਤੋਂ ਬਾਅਦ ਲੋਕਾਂ ਨੇ ਆਰੋਪੀ ਦੀ ਲਾਸ਼ ਪੁਲਿਸ ਹਵਾਲੇ ਕਰ ਦਿੱਤੀ ਸੀ। ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਲਈ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਸੀ, ਜਿਸ ਦਾ ਅੱਜ ਸੰਸਕਾਰ ਕਰ ਦਿੱਤਾ ਗਿਆ।