ਸੰਗਰੂਰ ‘ਚ ਚੋਰਾਂ ਨੇ ਇਕੋ ਰਾਤ ਤੋੜੀਆਂ 6 ਆੜ੍ਹਤੀਆਂ ਦੀਆਂ ਤਿਜੋਰੀਆਂ, ਪੂਰੇ ਸ਼ਹਿਰ ‘ਚ ਮਚੀ ਤਰਥੱਲੀ

0
1722

ਸੰਗਰੂਰ/ਲਹਿਰਾਗਾਗਾ, 1 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰਾਂ ਵੱਲੋਂ ਐਤਵਾਰ ਤੜਕਸਾਰ ਕਰੀਬ 5-6 ਆੜ੍ਹਤੀਆਂ ਦੀਆਂ ਦੁਕਾਨਾਂ ਦੇ ਸ਼ਟਰ ਤੋੜ ਕੇ ਸਭ ਤੋਂ ਵੱਧ ਸੇਫ਼ ਮੰਨੀਆਂ ਜਾਂਦੀਆਂ ਤਿਜੋਰੀਆਂ ਤੋੜ ਲਈਆਂ, ਇਸ ਖਬਰ ਕਾਰਨ ਪੂਰੇ ਸ਼ਹਿਰ ਵਿਚ ਤਰਥੱਲੀ ਮੱਚ ਗਈ ਹੈ। ਜਾਣਕਾਰੀ ਅਨੁਸਾਰ ਆੜ੍ਹਤੀ ਰੋਮਪਾਲ ਸੰਜੇ ਕੁਮਾਰ, ਮੇਘਰਾਜ ਰੋਸ਼ਨ ਲਾਲ, ਬਿਰਜ ਲਾਲ, ਜਗਨ ਨਾਥ ਤੋਂ ਇਲਾਵਾ 2-3 ਦੁਕਾਨਾਂ ਦੇ ਹੋਰ ਜ਼ਿੰਦਰੇ ਤੋੜ ਲਏ।

ਪੀੜਤ ਦੁਕਾਨਦਾਰਾਂ ਤੋਂ ਇਲਾਵਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਿਧਾਇਕ ਵਰਿੰਦਰ ਗੋਇਲ ਦੇ ਭਰਾ ਜੀਵਨ ਕੁਮਾਰ ਰੱਬੜ ਨੇ ਕਿਹਾ ਕਿ ਜੇਕਰ ਆੜ੍ਹਤ ਦੀਆਂ ਦੁਕਾਨਾਂ ‘ਚ ਰੱਖੀਆਂ ਸੇਫਾਂ ਹੀ ਤੋੜ ਲਈਆਂ ਤਾਂ ਬਾਕੀ ਕੁਝ ਵੀ ਸੁਰੱਖਿਅਤ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਇਹ ਪੁਲਿਸ ਦੀ ਅਣਗਿਲੀ ਹੈ ਜੋ 12 ਵਜੇ ਤਕ ਹੀ ਗਸ਼ਤ ਕਰਦੀ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨ ਬੇਸ਼ੱਕ ਹਜ਼ਾਰਾਂ ‘ਚ ਹੈ ਪਰ ਚਿੰਤਾ ਦਾ ਵਿਸ਼ਾ ਹੈ।

ਆੜ੍ਹਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ ਅਤੇ ਰੋਮਪਾਲ ਨੇ ਦੱਸਿਆ ਕਿ ਸਵੇਰੇ ਪੌਣੇ ਤਿੰਨ ਵਜੇ ਦੇ ਕਰੀਬ ਇੱਕ ਸਿਲਵਰ ਰੰਗ ਦੀ ਸਵਿਫਟ ਡਿਜ਼ਾਇਰ ਆਈ ਜਿਨ੍ਹਾਂ ਵਿਚ ਸਵਾਰ ਵਿਅਕਤੀ ਜੋ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹਨ, ਨੇ ਹੀ ਇਨ੍ਹਾਂ ਚੋਰੀਆਂ ਨੂੰ ਅੰਜਾਮ ਦਿੱਤਾ ਹੈ।

ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਰਣਬੀਰ ਸਿੰਘ ਅਤੇ ਚੌਕੀ ਇੰਚਾਰਜ ਸਬ-ਇੰਸਪੈਕਟਰ ਸਰਬਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਚਾਰਜ ਲਏ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਹੈ। ਅਸੀਂ ਪੂਰੀ ਤਰ੍ਹਾਂ ਗਸ਼ਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਪਤਾ ਲਗਾ ਕੇ ਜਲਦ ਹੀ ਚੋਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾਵੇਗਾ ਤੇ ਅੱਗੇ ਤੋਂ ਗਸ਼ਤ ਹੋਰ ਤੇਜ਼ ਕੀਤੀ ਜਾਵੇਗੀ।