ਰਾਜਸਥਾਨ, 25 ਅਕਤੂਬਰ| ਭਰਤਪੁਰ ਜ਼ਿਲੇ ਦੇ ਪਿੰਡ ਬਿਆਨਾ ‘ਚ ਮਾਮੂਲੀ ਸੜਕੀ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੂੰ ਟਰੈਕਟਰ ਨਾਲ ਕੁਚਲ ਕੇ ਮਾਰ ਦਿੱਤਾ। ਮੁਲਜ਼ਮਾਂ ਨੇ ਨੌਜਵਾਨ ਦੇ ਉਪਰ ਟਰੈਕਟਰ ਦਾ ਪਹੀਆ 8 ਵਾਰ ਚਲਾ ਦਿੱਤਾ।
ਇਸ ਘਟਨਾ ਤੋਂ ਬਾਅਦ ਪਿੰਡ ‘ਚ ਤਣਾਅ ਹੈ। ਥਾਣਾ ਸਦਰ ਦੇ ਐਸ.ਐਚ.ਓ ਜੈਪ੍ਰਕਾਸ਼ ਪਰਮਾਰ ਨੇ ਦੱਸਿਆ ਕਿ ਅੱਡਾ ਪਿੰਡ ਦੇ ਬਹਾਦਰ ਗੁਰਜਰ ਅਤੇ ਅਤਰ ਸਿੰਘ ਗੁਰਜਰ ਧੜਿਆਂ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਸੜਕ ਨੂੰ ਲੈ ਕੇ ਝਗੜਾ ਚੱਲ ਰਿਹਾ ਹੈ। ਇਸ ਝਗੜੇ ਨੂੰ ਲੈ ਕੇ ਬੁੱਧਵਾਰ ਸਵੇਰੇ ਕਰੀਬ 8 ਵਜੇ ਦੋਵੇਂ ਧਿਰਾਂ ਫਿਰ ਆਹਮੋ-ਸਾਹਮਣੇ ਹੋ ਗਈਆਂ। ਦੋਵਾਂ ਧਿਰਾਂ ਨੇ ਇੱਕ ਦੂਜੇ ‘ਤੇ ਲਾਠੀਆਂ ਅਤੇ ਪਥਰਾਅ ਨਾਲ ਹਮਲਾ ਕੀਤਾ। ਇਸ ਲੜਾਈ ਵਿੱਚ ਦੋਵਾਂ ਪਾਸਿਆਂ ਦੀਆਂ ਔਰਤਾਂ ਵੀ ਸ਼ਾਮਲ ਸਨ।
ਲੜਾਈ ਦੌਰਾਨ 35 ਸਾਲਾ ਨਿਰਪਤ ਗੁਰਜਰ ਜ਼ਮੀਨ ‘ਤੇ ਡਿੱਗ ਗਿਆ। ਉਦੋਂ ਬਹਾਦਰ ਵਾਲੇ ਪਾਸਿਓਂ ਇਕ ਨੌਜਵਾਨ ਨੇ ਨਿਰਪਤ ‘ਤੇ ਟਰੈਕਟਰ ਚਲਾ ਦਿੱਤਾ। ਰੋਕੇ ਜਾਣ ਦੇ ਬਾਵਜੂਦ ਮੁਲਜ਼ਮ ਟਰੈਕਟਰ ਚਾਲਕ ਨੇ ਨਾ ਰੁਕਦਿਆਂ ਨਿਰਪਤ ’ਤੇ 8 ਵਾਰ ਟਰੈਕਟਰ ਦਾ ਪਹੀਆ ਚਲਾ ਦਿੱਤਾ ਜੋ ਜ਼ਮੀਨ ’ਤੇ ਡਿੱਗ ਪਿਆ ਸੀ। ਜ਼ਖਮੀ ਨਿਰਪਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਿਆਨਾ ਸੀ.ਐੱਚ.ਸੀ. ਰੱਖਿਆ ਗਿਆ ਹੈ। ਘਟਨਾ ਤੋਂ ਬਾਅਦ ਪਿੰਡ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਪਿੰਡ ਵਾਸੀਆਂ ਅਨੁਸਾਰ ਲੜਾਈ ਦੌਰਾਨ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਮੁਲਜ਼ਮ ਟਰੈਕਟਰ ਚਾਲਕ ਦੀ ਪਛਾਣ ਕੀਤੀ ਜਾ ਰਹੀ ਹੈ।
ਮ੍ਰਿਤਕ ਨਿਰਪਤ ਦੇ ਭਰਾ ਵਿਨੋਦ ਨੇ ਦੱਸਿਆ ਕਿ ਉਹ ਸਵੇਰੇ ਟਰੈਕਟਰ ਲੈ ਕੇ ਖੇਤਾਂ ਨੂੰ ਜਾ ਰਿਹਾ ਸੀ। ਫਿਰ ਬਹਾਦੁਰ ਵਾਲੇ ਪਾਸੇ ਦੇ ਲੋਕ ਘਰ ਦੇ ਉੱਪਰ ਚੜ੍ਹ ਗਏ ਅਤੇ ਪਥਰਾਅ ਕੀਤਾ। ਘਬਰਾ ਕੇ ਉਹ ਘਰ ਵਾਪਸ ਆ ਗਿਆ। ਮੁਲਜ਼ਮ ਲਾਠੀਆਂ ਲੈ ਕੇ ਘਰ ਵਿੱਚ ਆਏ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਮੁਲਜ਼ਮ ਦਿਨੇਸ਼ ਅਤੇ ਮੁਨੇਸ਼ ਨੇ ਮੇਰੇ ਭਰਾ ਨਿਰਪਤ ਨੂੰ ਚੁੱਕ ਕੇ ਟਰੈਕਟਰ ਅੱਗੇ ਸੁੱਟ ਦਿੱਤਾ।