ਪੰਜਾਬ ‘ਚ ਕੋਰੋਨਾ ਦੇ ਹੁਣ ਰੋਜ਼ਾਨਾ ਹੋਣਗੇ 30 ਹਜ਼ਰ ਟੈਸਟ, ਚੌਕਸ ਰਹਿਣ ਦੀ ਅਪੀਲ

0
30928

ਚੰਡੀਗੜ | ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਪੰਜਾਬ ਦੀ ਮੁੱਖ ਸਕੱਤਰ ਵਿਨੀ ਮਹਾਜਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਨੇ ਇਸ ਨਾਲ ਨਜਿੱਠਣ ਦੇ ਸਾਰੇ ਪ੍ਰਬੰਧ ਕਰ ਲਏ ਹਨ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਰੋਨਾ ਨੂੰ ਹਲਕੇ ਵਿਚ ਨਾ ਲਿਆ ਜਾਵੇ।

ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਕੋਵਿਡ-19 ਦੇ ਪ੍ਰਬੰਧਾਂ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਉਨ੍ਹਾਂ ਆਕਸੀਜਨ ਅਤੇ ਆਈਸੀਯੂ ਬੈੱਡਾਂ ਦੀ ਗਿਣਤੀ ਵਿਚ ਹੋਰ ਵਾਧਾ ਕਰਨ ਦੇ ਨਿਰਦੇਸ਼ ਦਿੱਤੇ। ਹਾਲਾਂਕਿ ਪੰਜਾਬ ਦੇ 3 ਮੈਡੀਕਲ ਕਾਲਜਾਂ ਵਿਚ ਬੈੱਡਾਂ ਦੀ ਕਾਫੀ ਗਿਣਤੀ ਹੈ ਪਰ ਫਿਰ ਵੀ ਅਹਿਤਿਆਤ ਵੱਜੋਂ ਮੁੱਖ ਸਕੱਤਰ ਨੇ ਗਿਣਤੀ ਵਧਾਉਣ ਲਈ ਕਿਹਾ ਤਾਂ ਜੋ ਐਮਰਜੈਂਸੀ ਦੀ ਹਾਲਤ ਵਿਚ ਲੋਕਾਂ ਦਾ ਬੇਹਤਰ ਇਲਾਜ ਕੀਤਾ ਜਾ ਸਕੇ।

ਮੁੱਖ ਸਕੱਤਰ ਨੇ ਸੈਂਪਲਿੰਗ ਵਧਾਉਣ ਦੇ ਦਿੱਤੇ ਨਿਰਦੇਸ਼ਾਂ ਬਾਰੇ ਦੱਸਿਆ ਕਿ ਜਲਦ ਹੀ ਪ੍ਰਤੀ ਦਿਨ 30 ਹਜ਼ਾਰ ਸੈਂਪਲਿੰਗ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਨਾਲ ਕਰੋਨਾ ਦੇ ਲੱਛਣ ਵਾਲੇ ਮਰੀਜ਼ਾਂ ਦੀ ਪਛਾਣ ਜਲਦੀ ਹੋ ਸਕੇਗੀ।

ਮੁੱਖ ਸਕੱਤਰ ਨੇ ਉਨਾਂ ਇਲਾਕਿਆਂ ‘ਚ ਸੈਂਪਲਿੰਗ ਵਧਾਉਣ ਦੇ ਨਿਰਦੇਸ਼ ਦਿੱਤੇ ਜਿੱਥੇ ਮਾਮਲੇ ਜ਼ਿਆਦਾ ਆ ਰਹੇ ਹਨ। ਜ਼ਿਲਾ ਅਧਿਕਾਰੀਆਂ ਨੂੰ ਹੋਰ ਜ਼ਿਆਦਾ ਚੌਕਸੀ ਅਤੇ ਤਨਦੇਹੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਕਰੋਨਾ ਦੀ ਮੌਤ ਦਰ ਘਟਾਉਣ ਲਈ ਵੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਮੁੱਖ ਸਕੱਤਰ ਨੇ ਕਿਹਾ ਕਿ ਕਿਸੇ ਵੀ ਪੱਧਰ ‘ਤੇ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਸਮੇਂ ਸਰਕਾਰੀ ਕਾਲਜ ਅੰਮਿ੍ਰਤਸਰ ਵਿਖੇ ਕੁੱਲ 1236, ਪਟਿਆਲਾ ਵਿਖੇ 1450 ਅਤੇ ਫਰੀਦਕੋਟ ਵਿਖੇ 1025 ਬੈੱਡ ਹਨ। ਆਕਸੀਜਨ ਵਾਲੇ ਬੈੱਡਾਂ ਦੀ ਗਿਣਤੀ ਅੰਮ੍ਰਿਤਸਰ ਵਿਚ 450, ਪਟਿਆਲਾ ਵਿਚ 600 ਅਤੇ ਫਰੀਦਕੋਟ ਵਿਚ 301 ਹੈ ਜਦਕਿ ਆਈਸੀਯੂ ਬੈੱਡਾਂ ਦੀ ਗਿਣਤੀ ਅੰਮਿ੍ਰਤਸਰ ਅਤੇ ਫਰੀਦਕੋਟ ਵਿਚ 92-92 ਅਤੇ ਪਟਿਆਲਾ ਵਿਚ 88 ਹੈ। ਇਸੇ ਤਰਾਂ ਕੋਵਿਡ ਵੈਂਟੀਲੇਟਰ ਬੈੱਡ ਅੰਮਿ੍ਰਤਸਰ ‘ਚ 87, ਪਟਿਆਲਾ ‘ਚ 67 ਅਤੇ ਫਰੀਦਕੋਟ ‘ਚ 71 ਹਨ।