ਚੰਡੀਗੜ੍ਹ | ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਪੰਜਾਬ ਸਮੇਤ ਉੱਤਰੀ ਅਤੇ ਮੱਧ ਭਾਰਤ ‘ਚ ਗੈਂਗਸਟਰਾਂ ਖ਼ਿਲਾਫ਼ ਦਰਜ ਕੇਸਾਂ ਤਹਿਤ ਛਾਪੇਮਾਰੀ ਕੀਤੀ ਹੈ। NIA ਵੱਲੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿਰੁੱਧ ਕੁੱਲ 8 ਰਾਜਾਂ ‘ਚ ਇਹ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ‘ਚ 72 ਥਾਵਾਂ ‘ਤੇ ਇੱਕੋਂ ਸਮੇਂ ਛਾਪੇਮਾਰੀ ਕੀਤੀ ਗਈ ਹੈ। ਫਿਲਹਾਲ NIA ਅਧਿਕਾਰੀ ਇਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।
ਇਸ ਛਾਪੇਮਾਰੀ ਤੋਂ ਪਹਿਲਾਂ ਵੀ ਐਨਆਈਏ 2 ਵਾਰ ਗੈਂਗਸਟਰ ਸਿੰਡੀਕੇਟ ਖ਼ਿਲਾਫ਼ ਕਾਰਵਾਈ ਕਰ ਚੁੱਕੀ ਹੈ। ਇਹ ਛਾਪੇਮਾਰੀ ਦੇਸ਼ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਆਵਾਜਾਈ ਦੇ ਖਿਲਾਫ ਹੈ। ਇਹੀ ਕਾਰਨ ਹੈ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਇਲਾਵਾ ਐਨਆਈਏ ਇਸ ਵਾਰ ਯੂ.ਪੀ. ਅਤੇ ਮੱਧ ਪ੍ਰਦੇਸ਼ ਤੱਕ ਵੀ ਪਹੁੰਚ ਗਈ ਹੈ। ਜਿੱਥੋਂ ਹਥਿਆਰ ਅੱਗੇ ਗੈਂਗਸਟਰਾਂ ਤੱਕ ਪਹੁੰਚਦੇ ਹਨ।
ਪੰਜਾਬ ‘ਚ ਲਾਰੈਂਸ, ਲਖਬੀਰ ਤੇ ਗੋਲਡੀ ਬਰਾੜ ਦੇ ਟਿਕਾਣਿਆਂ ‘ਤੇ ਛਾਪੇਮਾਰੀ
NIA ਨੇ ਕੈਨੇਡਾ ‘ਚ ਦਹਿਸ਼ਤ ਫੈਲਾਉਣ ਵਾਲੇ ਲਖਬੀਰ ਲੰਡਾ ਤੋਂ ਇਲਾਵਾ ਪੰਜਾਬ ‘ਚ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਕੁਝ ਦਿਨ ਪਹਿਲਾਂ ਲਖਬੀਰ ਲੰਡਾ ਨੂੰ NIA ਵੱਲੋਂ ਅੱਤਵਾਦੀ ਐਲਾਨਿਆ ਜਾ ਚੁੱਕਾ ਹੈ ਅਤੇ ਉਸ ਦੇ ਕਰੀਬੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਸੀ, ਜਿਸ ਤੋਂ ਬਾਅਦ NIA ਨੇ ਤਰਨਤਾਰਨ, ਫਿਰੋਜ਼ਪੁਰ ਅਤੇ ਮਾਲਵੇ ਦੇ ਕੁਝ ਸ਼ਹਿਰਾਂ ‘ਚ ਛਾਪੇਮਾਰੀ ਕੀਤੀ ਹੈ।
NIA ਦੀਆਂ ਟੀਮਾਂ ਜਾਂਚ ਲਈ ਪੰਜਾਬ ਦੇ ਗਿੱਦੜਬਾਹਾ ਪਹੁੰਚ ਗਈਆਂ ਹਨ। ਗਿੱਦੜਬਾਹਾ ਦੇ ਕਿੰਗਰਾ ਫਾਰਮ ਦੀ ਜਾਂਚ ਚੱਲ ਰਹੀ ਹੈ। ਦੂਜੇ ਪਾਸੇ ਟੀਮ ਨੇ ਬਠਿੰਡਾ ‘ਚ ਗੈਂਗਸਟਰ ਰੰਮੀ ਦੇ ਘਰ ਛਾਪਾ ਮਾਰਿਆ। ਫਿਲਹਾਲ ਜਾਂਚ ਜਾਰੀ ਹੈ ਤੇ ਅਧਿਕਾਰੀ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ।
ਪੰਜਾਬ ਦੇ ਨਾਲ-ਨਾਲ ਐਨਆਈਏ ਵੱਲੋਂ ਹਰਿਆਣਾ, ਰਾਜਸਥਾਨ, ਦਿੱਲੀ-ਐਨਸੀਆਰ, ਚੰਡੀਗੜ੍ਹ, ਉੱਤਰ ਪ੍ਰਦੇਸ਼, ਗੁਜਰਾਤ ਅਤੇ ਮੱਧ ਪ੍ਰਦੇਸ਼ ‘ਚ ਛਾਪੇਮਾਰੀ ਕੀਤੀ ਗਈ ਹੈ। ਦਰਅਸਲ ਪਿਛਲੇ ਸਾਲ ਐਨਆਈਏ ਨੇ ਗੈਂਗਸਟਰਾਂ ਵੱਲੋਂ ਬਣਾਈ ਸਿੰਡੀਕੇਟ ਖ਼ਿਲਾਫ਼ ਕੇਸ ਦਰਜ ਕੀਤਾ ਸੀ, ਜਿਸ ਤੋਂ ਬਾਅਦ NIA ਉੱਤਰੀ ਭਾਰਤ ਦੇ ਰਾਜਾਂ ‘ਚ ਕਰੀਬ 3 ਵਾਰ ਛਾਪੇਮਾਰੀ ਕਰ ਚੁੱਕੀ ਹੈ।