ਪਠਾਨਕੋਟ | ਜ਼ਿਲ੍ਹੇ ਦੇ ਪਿੰਡ ਜੈਨੀ ਦੀ ਰਹਿਣ ਵਾਲੀ 14 ਸਾਲਾ ਸਿੱਖ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੇ ਦੋਸ਼ ‘ਚ ਪੁਲਸ ਨੇ ਉਸ ਦੀ ਮਾਂ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਲੜਕੀ ਦੀ ਮਾਂ ਪਰਮਜੀਤ ਕੌਰ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ 14 ਸਾਲਾ ਲੜਕੀ ਅਮਰਜੀਤ ਕੌਰ ਆਪਣੀ ਚਾਚੀ ਪੂਨਮ ਨਾਲ ਆਪਣੇ ਪੇਕੇ ਘਰ ਜਾਂਦੀ ਸੀ।
ਉੱਥੇ ਪੂਨਮ ਦੀ ਮਾਂ ਰਾਣੀ ਉਸ ਨੂੰ ਚਰਚ ਲੈ ਕੇ ਜਾਂਦੀ ਸੀ। ਰਾਣੀ ਨੇ ਜ਼ਬਰਦਸਤੀ ਅਮਰਜੀਤ ਕੌਰ ਦਾ ਸ਼੍ਰੀ ਸਾਹਿਬ ਉਤਾਰ ਕੇ ਉਸ ਦਾ ਧਰਮ ਪਰਿਵਰਤਨ ਕਰਵਾ ਲਿਆ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇੱਕ ਦਿਨ ਉਸ ਦੀ ਧੀ ਨੇ ਗੁਰਦੁਆਰਾ ਸਾਹਿਬ ਜਾ ਕੇ ਲੰਗਰ ਪ੍ਰਸ਼ਾਦ ਖਾਣ ਤੋਂ ਇਨਕਾਰ ਕਰ ਦਿੱਤਾ।
ਇਸ ਘਟਨਾ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਪੁਲੀਸ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਅਜਿਹੀਆਂ ਘਟਨਾਵਾਂ ’ਤੇ ਮੁਕੰਮਲ ਰੋਕ ਲਾਉਣ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਧਾਰ ਦੇ ਡੀਐਸਪੀ ਰਾਜੇਂਦਰ ਮਨਹਾਸ ਨੇ ਦੱਸਿਆ ਕਿ ਮੁਲਜ਼ਮ ਮਹਿਲਾ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।