ਨਵਾਂਸ਼ਹਿਰ, 1 ਅਕਤੂਬਰ | ਪਿੰਡ ਮਾਜਰਾ ਜੱਟਾਂ ਨੇੜੇ ਐਤਵਾਰ ਨੂੰ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਥੇ ਇਕ ਤੇਜ਼ ਰਫਤਾਰ ਕਾਰ ਨੇ ਸਕੂਟਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ‘ਚ ਇਕ ਲੜਕੀ ਗੰਭੀਰ ਜ਼ਖਮੀ ਹੋ ਗਈ। ਲੜਕੀ ਦੇ ਪਿਤਾ ਨੇ ਤੁਰੰਤ ਉਸ ਨੂੰ ਪੀ.ਜੀ.ਆਈ. ਭਰਤੀ ਕਰਵਾਇਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਥਾਣਾ ਕਾਠਗੜ੍ਹ ਦੇ ASI ਧਰਮ ਚੰਦ ਨੇ ਦੱਸਿਆ ਕਿ ਸੋਮ ਨਾਥ ਪੁੱਤਰ ਸੰਤ ਰਾਮ ਵਾਸੀ ਤੌਂਸਾ (ਭੋਲੇਵਾਲ) ਨੇ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਉਸ ਨੇ ਦੱਸਿਆ ਕਿ ਐਤਵਾਰ ਸਵੇਰੇ ਕਰੀਬ 9 ਵਜੇ ਉਹ ਆਪਣੇ 3 ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਜਦੋਂ ਮਾਜਰਾ ਜੱਟਾਂ ਰੋਡ ਤੋਂ ਕਾਲਜ ਵੱਲ ਮੁੜਨ ਲੱਗਾ ਤਾਂ ਰੋਪੜ ਤੋਂ ਆ ਰਹੀ ਇਨੋਵਾ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਪਿਤਾ ਨੇ ਦੱਸਿਆ ਕਿ ਕਾਰ ਦੀ ਟੱਕਰ ਕਾਰਨ ਲੜਕੀ ਸੜਕ ‘ਤੇ ਡਿੱਗ ਗਈ, ਜਿਸ ਕਰਕੇ ਬੇਟੀ ਗੰਭੀਰ ਜ਼ਖਮੀ ਹੋ ਗਈ। ਟੱਕਰ ਮਾਰਨ ਵਾਲੀ ਗੱਡੀ ਦਾ ਨੰਬਰ ਨੋਟ ਕਰ ਲਿਆ ਹੈ। ਬਿਆਨ ਦੇ ਆਧਾਰ ‘ਤੇ ASI ਧਰਮ ਚੰਦ ਨੇ ਮਾਮਲਾ ਦਰਜ ਕਰਕੇ ਮੁੱਢਲੀ ਤਫਤੀਸ਼ ਤੋਂ ਬਾਅਦ ਕਾਰ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।