ਮੋਹਾਲੀ ‘ਚ ਲੜਕੀ ’ਤੇ ਅਣਪਛਾਤਿਆਂ ਕੀਤਾ ਹਾਕੀਆਂ ਨਾਲ ਕਾਤਲਾਨਾ ਹਮਲਾ, ਦੋਵੇਂ ਬਾਹਾਂ ਤੋੜੀਆਂ

0
155

ਮੋਹਾਲੀ | ਇਥੇ ਅੱਜ ਤੜਕੇ 3.15 ਵਜੇ ਇਕ ਲੜਕੀ ‘ਤੇ 2 ਅਣਪਛਾਤੇ ਬਦਮਾਸ਼ਾਂ ਨੇ ਹਾਕੀਆਂ ਨਾਲ ਹਮਲਾ ਕਰ ਦਿੱਤਾ। ਇਸ ਵਿਚ ਲੜਕੀ ਜ਼ਖ਼ਮੀ ਹੋ ਗਈ। ਲੜਕੀ ਮੁਹਾਲੀ ਦੇ ਫੇਜ਼-1 ਦੇ ਰਿਹਾਇਸ਼ੀ ਇਲਾਕੇ ਵਿਚ ਰਹਿੰਦੀ ਹੈ। ਉਹ ਫੇਜ਼ ਵਨ ਵਿਚ ਸਥਿਤ ਉਦਯੋਗਿਕ ਖੇਤਰ ਵਿਚ NAAC ਗਲੋਬਲ ਨਾਮ ਦੀ ਇਕ ਕੰਪਨੀ ਵਿਚ ਕੰਮ ਕਰਦੀ ਹੈ।

ਰੋਜ਼ਾਨਾ ਦੀ ਤਰ੍ਹਾਂ ਉਹ ਕੰਪਨੀ ਦੀ ਕੈਬ ‘ਚ ਵਾਪਸ ਘਰ ਆਈ ਪਰ ਘਰ ਦੇ ਗੇਟ ‘ਤੇ ਹੀ ਉਸ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰ ਸਿਰ ‘ਤੇ ਵਾਰ ਕਰ ਰਹੇ ਸਨ ਪਰ ਅਲੀਸ਼ਾ ਨੇ ਆਪਣੀਆਂ ਦੋਵੇਂ ਬਾਹਾਂ ਚੁੱਕ ਕੇ ਸਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਸਿਰ ਤਾਂ ਵਾਲ-ਵਾਲ ਬਚ ਗਿਆ ਪਰ ਦੋਵੇਂ ਬਾਹਾਂ ‘ਚ ਫਰੈਕਚਰ ਹੋ ਗਿਆ। ਉਨ੍ਹਾਂ ਕੰਪਨੀ ਦੀ ਕੈਬ ਦੇ ਡਰਾਈਵਰ ‘ਤੇ ਪ੍ਰੋਟੋਕੋਲ ਤੋੜਨ ਦਾ ਦੋਸ਼ ਵੀ ਲਾਉਂਦਿਆਂ ਕਿਹਾ ਕਿ ਨਿਯਮ ਅਨੁਸਾਰ ਕੈਬ ਡਰਾਈਵਰ ਨੂੰ ਲੜਕੀ ਦੇ ਘਰ ਦਾਖ਼ਲ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ ਪਰ ਇਸ ਮਾਮਲੇ ‘ਚ ਅਜਿਹਾ ਨਹੀਂ ਹੋਇਆ।

ਉਸ ਦੀਆਂ ਚੀਕਾਂ ਸੁਣ ਕੇ ਪਰਿਵਾਰਕ ਮੈਂਬਰ ਬਾਹਰ ਆਏ ਤਾਂ ਹਮਲਾਵਰ ਭੱਜ ਗਏ। ਅਲੀਸ਼ਾ ਨੂੰ ਤੁਰੰਤ ਫੇਜ਼ 6 ਸਥਿਤ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਹਮਲਾਵਰਾਂ ਦੇ ਚਿਹਰੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ। ਅਲੀਸ਼ਾ ਦੇ ਪਤੀ ਸਿਧਾਰਥ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਫੇਜ਼-1 ਸਥਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।