ਲੁਧਿਆਣਾ ‘ਚ ਸ਼ਿਵ ਸੈਨਾ ਆਗੂ ਨੇ ਥਾਣੇ ਦੇ ਬਾਹਰ ਕੀਤਾ ਹਾਈਵੋਲਟੇਜ ਡਰਾਮਾ, ਜਾਣੋ ਕੀ ਹੈ ਮਾਮਲਾ

0
345

ਲੁਧਿਆਣਾ | ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 7 ਦੇ ਬਾਹਰ ਹਾਈ ਵੋਲਟੇਜ ਡਰਾਮਾ ਕੀਤਾ। ਅਮਿਤ ਅਰੋੜਾ ਇਕ ਵਿਅਕਤੀ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਆਏ ਸਨ। ਅਮਿਤ ਅਰੋੜਾ ਨੇ ਦੱਸਿਆ ਕਿ ਅੱਜ ਉਹ ਘਰੋਂ ਬਾਹਰ ਗਿਆ ਹੋਇਆ ਸੀ। ਇਲਾਕੇ ਦੇ ਲੋਕਾਂ ਨੇ ਜੰਮੂ-ਕਸ਼ਮੀਰ ਨੰਬਰ ਵਾਲੀ ਕਾਰ ਸਮੇਤ ਗਲੀ ‘ਚ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ।

ਇਲਾਕਾ ਵਾਸੀਆਂ ਦਾ ਇਲਜ਼ਾਮ ਹੈ ਕਿ ਫੜੇ ਗਏ ਵਿਅਕਤੀ ਤੋਂ ਜਦੋਂ ਉਸ ਦੀ ਪਛਾਣ ਪੁੱਛੀ ਗਈ ਤਾਂ ਉਸ ਨੇ ਕਿਹਾ ਕਿ ਉਹ ਲੋਕਾਂ ‘ਤੇ ਬੰਬ ਸੁੱਟਣ ਆਇਆ ਸੀ। ਉਨ੍ਹਾਂ ਇਸ ਘਟਨਾ ਦੀ ਸੂਚਨਾ ਅਮਿਤ ਅਰੋੜਾ ਨੂੰ ਦਿੱਤੀ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਪੁਲਿਸ ਕਮਿਸ਼ਨਰ ਮਨਦੀਪ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ।

ਮੌਕੇ ‘ਤੇ ਪਹੁੰਚੀ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਉਕਤ ਵਿਅਕਤੀ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਲਈ ਥਾਣੇ ਲਿਆਂਦਾ। ਅਮਿਤ ਅਰੋੜਾ ਅਨੁਸਾਰ ਉਨ੍ਹਾਂ ਨੂੰ ਪਹਿਲਾਂ ਹੀ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇਕਰ ਅਜਿਹੇ ਸ਼ੱਕੀ ਲੋਕ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਘੁੰਮ ਰਹੇ ਹਨ ਤਾਂ ਪੁਲਿਸ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਪੁਲਿਸ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਮਾਮਲੇ ਨੂੰ ਹਲਕੇ ‘ਚ ਲਿਆ ਜਾ ਰਿਹਾ ਹੈ। ਜੇਕਰ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ ਕੇਸ ਦਰਜ ਨਾ ਕੀਤਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ।

ਇਸ ਮਾਮਲੇ ‘ਚ ਥਾਣਾ ਡਿਵੀਜ਼ਨ ਨੰਬਰ 7 ਦੇ ਐਸਐਚਓ ਸਤਪਾਲ ਸਿੰਘ ਨੇ ਦੱਸਿਆ ਕਿ ਅਮਿਤ ਅਰੋੜਾ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਮਿਤ ਨਾਮੀ ਵਿਅਕਤੀ ਅਮਿਤ ਦੇ ਘਰ ਦੇ ਕੋਲ ਕਾਲੋਨੀ ‘ਚ ਰਹਿਣ ਦੀ ਗੱਲ ਕਰ ਰਿਹਾ ਹੈ। ਵਿਅਕਤੀ ਦਾ ਨਾਂ ਬਨਵਾਰੀ ਲਾਲ ਸ਼ਰਮਾ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਉਹ 15 ਸਾਲਾਂ ਤੋਂ ਲੁਧਿਆਣਾ ‘ਚ ਰਹਿ ਰਿਹਾ ਹੈ।

ਬਨਵਾਰੀ ਲਾਲ ਬਾਬਾ ਬਾਲਕ ਨਾਥ ਜੀ ਦੇ ਮੰਦਰ ਦਾ ਪੁਜਾਰੀ ਹੈ। ਉਨ੍ਹਾਂ ਦੇ ਸ਼ਰਧਾਲੂ ਜੰਮੂ-ਕਸ਼ਮੀਰ ਤੋਂ ਆਏ ਹਨ, ਜਿਨ੍ਹਾਂ ਦੇ ਪਿਤਾ ਡੀਐਮਸੀ ਹਸਪਤਾਲ ‘ਚ ਦਾਖ਼ਲ ਹਨ। ਜਦੋਂ ਬਨਵਾਰੀ ਲਾਲ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੀ ਗੱਡੀ ਨੂੰ ਦੇਖ ਕੇ ਲੋਕਾਂ ਨੇ ਉਸ ਨੂੰ ਰੋਕ ਲਿਆ ਅਤੇ ਪੁੱਛਿਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਕਿਹੜਾ ਬੰਬ ਲੈ ਕੇ ਜਾਂਦਾ ਹਾਂ।