ਲੁਧਿਆਣਾ, 20 ਨਵੰਬਰ | ਲੁਧਿਆਣਾ ਦੇ ਕੋਹਾੜਾ ਤੋਂ ਲੱਖੋਵਾਲ ਰੋਡ ਉਤੇ ਇਕ ਅਣਪਛਾਤੇ ਵਾਹਨ ਨੇ ਮੋਟਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਅਤੇ ਉਸਦੀ ਸੱਜੀ ਬਾਂਹ ਸਰੀਰ ਨਾਲੋਂ ਵੱਖ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਅੱਧਾ ਘੰਟਾ ਸੜਕ ਉਤੇ ਹੀ ਤੜਫਦਾ ਰਿਹਾ, ਉਥੋਂ ਲੰਘ ਰਹੇ ਇਕ ਟਾਟਾ 407 ਗੱਡੀ ਦੇ ਡਰਾਈਵਰ ਨੇ ਥਾਣਾ ਜਮਾਲਪੁਰ ਦੀ ਪੁਲਿਸ ਨੂੰ ਫੋਨ ਉਤੇ ਸੂਚਨਾ ਦਿੱਤੀ, ਜਿਸ ਤੋਂ ਬਾਅਦ ਥਾਣਾ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜ਼ਖ਼ਮੀ ਨੌਜਵਾਨ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦਾ, ਜਿਥੇ ਜ਼ਖ਼ਮੀ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਜ਼ਖ਼ਮੀ ਨੌਜਵਾਨ ਨਸ਼ੇ ਦੀ ਹਾਲਤ ਵਿਚ ਸੀ। ਜਾਂਚ ਅਧਿਕਾਰੀ ਮੁਖਤਿਆਰ ਸਿੰਘ ਨੇ ਦੱਸਿਆ ਕਿ ਥਾਣਾ ਜਮਾਲਪੁਰ ਵਿਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।