ਲੁਧਿਆਣਾ ‘ਚ ਬੈਟਰੀ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ 3 ਲੱਖ ਰੁਪਏ ਦੀ ਨਕਦੀ ਲੁੱਟੀ

0
399

ਲੁਧਿਆਣਾ, 3 ਨਵੰਬਰ | ਲੁਧਿਆਣਾ ‘ਚ ਕੱਲ ਰਾਤ ਸ਼ਰਾਰਤੀ ਅਨਸਰਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁਟੇਰਿਆਂ ਨੇ ਹਾਰਡੀਜ਼ ਵਰਲਡ ਬ੍ਰਿਜ ‘ਤੇ ਬੈਟਰੀ ਕੰਪਨੀ ਦੇ ਕਰਮਚਾਰੀ ਦੀਆਂ ਅੱਖਾਂ ‘ਚ ਮਿਰਚਾਂ ਪਾ ਕੇ 3 ਲੱਖ ਰੁਪਏ ਦੀ ਨਕਦੀ ਲੁੱਟ ਲਈ। ਮਿਰਚਾਂ ਦਾ ਪਾਊਡਰ ਅੱਖਾਂ ਵਿਚ ਪੈਣ ਨਾਲ ਨੌਜਵਾਨ ਕਾਫੀ ਦੇਰ ਤੱਕ ਅੱਖਾਂ ਨਹੀਂ ਖੋਲ੍ਹ ਸਕਿਆ। ਪੁਲਿਸ ਇਸ ਮਾਮਲੇ ਨੂੰ ਸ਼ੱਕੀ ਮੰਨ ਕੇ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਨੌਜਵਾਨ ਪ੍ਰਿੰਸ ਬੈਟਰੀ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰਦਾ ਹੈ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਫੈਕਟਰੀ ਮਾਲਕ ਰਾਜਿੰਦਰ ਸਿੰਘ ਨੇ ਉਸ ਨੂੰ ਮੰਡੀ ਵਿਚੋਂ ਪੇਮੈਂਟ ਲੈਣ ਲਈ ਭੇਜਿਆ ਸੀ। ਉਸ ਕੋਲ ਕਰੀਬ 3 ਲੱਖ ਰੁਪਏ ਸਨ। ਇਸ ਦੌਰਾਨ ਰਸਤੇ ‘ਚ ਹਾਰਡੀਜ਼ ਵਰਲਡ ਬ੍ਰਿਜ ‘ਤੇ ਉਸ ਨਾਲ ਇਕ ਘਟਨਾ ਵਾਪਰੀ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਬੈਟਰੀ ਕੰਪਨੀ ਦੇ ਮਾਲਕ ਮੌਕੇ ‘ਤੇ ਪਹੁੰਚ ਗਏ।

ਨੌਜਵਾਨ ਨੇ ਦੱਸਿਆ ਕਿ ਉਹ ਫੈਕਟਰੀ ਮਾਲਕ ਦੀ ਕਾਰ ਵਿਚ ਪੇਮੈਂਟ ਲੈ ਕੇ ਵਾਪਸ ਆ ਰਿਹਾ ਸੀ। ਉਸ ਨੂੰ ਹਾਰਡੀਜ਼ ਵਰਡ ਪੁਲ ’ਤੇ ਕੁਝ ਲੁਟੇਰਿਆਂ ਨੇ ਘੇਰ ਲਿਆ। ਉਨ੍ਹਾਂ ਨੇ ਉਸ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ ਅਤੇ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਉਥੋਂ ਭੱਜ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਹੈ ਅਤੇ ਮੁਲਾਜ਼ਮਾਂ ਵੱਲੋਂ ਲੁੱਟ ਦੀ ਕਹਾਣੀ ਘੜੀ ਜਾ ਰਹੀ ਹੈ।

ਸੀਨੀਅਰ ਪੁਲਿਸ ਅਧਿਕਾਰੀਆਂ ਅਨੁਸਾਰ ਫਿਲਹਾਲ ਕੋਈ ਠੋਸ ਸਬੂਤ ਨਹੀਂ ਮਿਲਿਆ ਹੈ ਕਿ ਲੁੱਟ ਦੀ ਵਾਰਦਾਤ ਹੋਈ ਹੈ। ਥਾਣਾ ਲਾਡੋਵਾਲ ਦੇ SHO ਜਗਦੇਵ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿਚ ਮਾਮਲਾ ਸ਼ੱਕੀ ਮੰਨਿਆ ਜਾ ਰਿਹਾ ਹੈ। ਫੈਕਟਰੀ ਵਰਕਰ ਪ੍ਰਿੰਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਿਥੇ ਇਹ ਘਟਨਾ ਵਾਪਰੀ ਹੈ, ਪੁਲਿਸ ਉਥੇ ਲੱਗੇ ਕੈਮਰੇ ਵੀ ਚੈੱਕ ਕਰ ਰਹੀ ਹੈ।