ਲੁਧਿਆਣਾ ‘ਚ ਗੁਰਦੁਆਰੇ ਨੇੜੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਕਿਸਾਨ ਆਗੂਆਂ ‘ਤੇ ਕੇਸ ਦਰਜ

0
341

ਲੁਧਿਆਣਾ, 2 ਨਵੰਬਰ | ਬੀਤੀ ਰਾਤ ਇੱਕ ਕਿਸਾਨ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਰਨ ਵਾਲੇ ਕਿਸਾਨ ਆਗੂ ਦਾ ਨਾਂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਹੈ। ਥਾਣਾ ਰਾਏਕੋਟ ਦੀ ਪੁਲਿਸ ਨੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਦੋਆਬਾ ਦੇ ਜ਼ਿਲਾ ਪ੍ਰਧਾਨ ਜੱਸੀ ਢੱਟ ਅਤੇ ਜਥੇਬੰਦੀ ਦੇ ਆਗੂ ਦਲਵੀਰ ਸਿੰਘ ਛੀਨਾ ਉਰਫ਼ ਡੀਸੀ ਨੂਰਪੁਰਾ ਸਮੇਤ ਇੱਕ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਹੈ।

ਦੋਸ਼ ਹੈ ਕਿ ਇਨ੍ਹਾਂ ਆਗੂਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਜਥੇਬੰਦੀ ਦੇ ਸਥਾਨਕ ਆਗੂ ਅਮਨਦੀਪ ਸਿੰਘ ਉਰਫ਼ ਅਮਨਾ ਪੰਡੋਰੀ ਦਾ ਕਤਲ ਕੀਤਾ ਹੈ। ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 11.30 ਵਜੇ ਰਾਏਕੋਟ ਦੇ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਨੇੜੇ ਸਥਿਤ ਬੀਕੇਯੂ ਦਫ਼ਤਰ ਵਿਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੁੱਦੇ ਨੂੰ ਲੈ ਕੇ ਚੱਲ ਰਹੀ ਤਕਰਾਰ ਦੌਰਾਨ ਡੀਸੀ ਨੂਰਪੁਰਾ ਨੇ ਆਪਣੇ ਰਿਵਾਲਵਰ ਨਾਲ ਅਮਨਾ ਪੰਡੋਰੀ ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।

ਅਮਨਾ ਪੰਡੋਰੀ ਦੇ ਭਰਾ ਮੁਕੰਦ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਪੰਜਾਬ ਪੁਲਿਸ ਦੇ ਐਮਰਜੈਂਸੀ ਨੰਬਰ 112 ’ਤੇ ਫੋਨ ਕਰ ਕੇ ਦੱਸਿਆ ਕਿ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨੇ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ ਹੈ। ਸੂਚਨਾ ਮਿਲਣ ’ਤੇ ਡੀਐਸਪੀ ਰਾਏਕੋਟ ਹਰਜਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਘਟਨਾ ਦੇ ਸਮੇਂ ਬੀਕੇਯੂ ਦੇ ਦਫ਼ਤਰ ਵਿਚ ਸ਼ਰਾਬ ਪੀਤੀ ਜਾ ਰਹੀ ਸੀ ਅਤੇ ਮੁਲਜ਼ਮਾਂ ਨੇ ਅਮਨਾ ਪੰਡੋਰੀ ਨੂੰ ਕਿਸੇ ਮਾਮਲੇ ਸਬੰਧੀ ਉੱਥੇ ਬੁਲਾਇਆ ਸੀ। ਸੂਤਰਾਂ ਅਨੁਸਾਰ ਅਮਨਾ ਪੰਡੋਰੀ ਪਰਿਵਾਰਕ ਕਾਰਨਾਂ ਕਰਕੇ ਆਪਣੇ ਜ਼ਿਲਾ ਪ੍ਰਧਾਨ ਜੱਸੀ ਢੱਟ ਅਤੇ ਡੀਸੀ ਨੂਰਪੁਰਾ ਨਾਲ ਨਾਰਾਜ਼ ਸੀ ਅਤੇ ਇਸ ਤਕਰਾਰ ਦੌਰਾਨ ਝਗੜਾ ਵਧ ਗਿਆ। ਮ੍ਰਿਤਕ ਅਮਨਾ ਪੰਡੋਰੀ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)