ਲੁਧਿਆਣਾ ‘ਚ ਗੂੰਗੀ-ਬੋਲ਼ੀ ਔਰਤ ਨਾਲ ਜਬਰ-ਜ਼ਨਾਹ, ਮਕਾਨ ਮਾਲਕ ਨੇ ਕੀਤਾ ਸ਼ਰਮਨਾਕ ਕਾਰਾ

0
549

ਲੁਧਿਆਣਾ, 18 ਫਰਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਲੁਧਿਆਣਾ ‘ਚ ਮਕਾਨ ਮਾਲਕ ਵੱਲੋਂ ਬੋਲ਼ੀ ਅਤੇ ਗੂੰਗੀ ਔਰਤ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਕਾਨ ਮਾਲਕ ‘ਤੇ ਇਲਜ਼ਾਮ ਹਨ ਕਿ ਉਸ ਨੇ ਔਰਤ ਦੇ ਬੋਲਣ ਜਾਂ ਸੁਣਨ ਤੋਂ ਅਸਮਰੱਥ ਹੋਣ ਦਾ ਫਾਇਦਾ ਚੁੱਕਦਿਆਂ ਇਹ ਕੰਮ ਕੀਤਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਔਰਤ ਦੇ ਪਤੀ ਦੀ ਸ਼ਿਕਾਇਤ ’ਤੇ ਮਕਾਨ ਮਾਲਕ ਧਰਮਿੰਦਰ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਕੰਮ ‘ਤੇ ਗਿਆ ਸੀ ਕਿ ਗੁਆਂਢ ਵਿਚ ਰਹਿਣ ਵਾਲੇ ਇਕ ਨੌਜਵਾਨ ਦਾ ਫੋਨ ਆਇਆ। ਨੌਜਵਾਨ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਮੇਂ ਤੋਂ ਕਮਰੇ ‘ਚ ਬੈਠੀ ਰੋ ਰਹੀ ਹੈ। ਇਸ ਤੋਂ ਬਾਅਦ ਉਹ ਕੰਮ ਤੋਂ ਘਰ ਆ ਗਿਆ।

ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸਦੀ ਪਤਨੀ ਰੋ ਰਹੀ ਸੀ। ਉਸਨੇ ਰੌਣ ਦਾ ਕਾਰਨ ਪੁੱਛਿਆ ਤਾਂ ਪਤਨੀ ਨੇ ਇਸ਼ਾਰਿਆਂ ਵਿਚ ਦੱਸਿਆ ਕਿ ਉਸਦਾ ਮਕਾਨ ਮਾਲਕ ਧਰਮਿੰਦਰ ਉਸ ਨੂੰ ਇਕੱਲਾ ਦੇਖ ਕੇ ਉਸਦੇ ਕਮਰੇ ਵਿਚ ਆ ਗਿਆ। ਇਸ ਤੋਂ ਬਾਅਦ ਜ਼ਬਰਦਸਤੀ ਕਮਰੇ ‘ਚ ਲੈ ਗਿਆ ਤੇ ਜਬਰ-ਜ਼ਨਾਹ ਕੀਤਾ।

ਥਾਣਾ ਫੋਕਲ ਪੁਆਇੰਟ ਦੇ ਐਸਐਚਓ ਨਰਦੇਵ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਦੌਰਾਨ ਜੇਕਰ ਲੋੜ ਪਈ ਤਾਂ ਔਰਤ ਦਾ ਡੀਐਨਏ ਟੈਸਟ ਵੀ ਕਰਵਾਇਆ ਜਾ ਸਕਦਾ ਹੈ।