ਲੁਧਿਆਣਾ, 1 ਨਵੰਬਰ | ਜਗਰਾਉਂ ਸ਼ਹਿਰ ਵਿਚ ਦੋ ਵੱਖ-ਵੱਖ ਸੜਕ ਹਾਦਸਿਆਂ ਕਾਰਨ ਦੋ ਪਰਿਵਾਰਾਂ ਵਿਚ ਦੀਵਾਲੀ ਦੀਆਂ ਖੁਸ਼ੀਆਂ ਸੋਗ ਵਿਚ ਬਦਲ ਗਈਆਂ। ਦੋਵਾਂ ਹਾਦਸਿਆਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ-ਫਿਰੋਜ਼ਪੁਰ ਰੋਡ ‘ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਗਲਤ ਸਾਈਡ ਤੋਂ ਆ ਰਹੇ ਇੱਕ ਟਰੱਕ ਨੇ ਬਾਈਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ, ਜਿਸ ਕਾਰਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਈਕ ‘ਤੇ ਸਵਾਰ ਉਸ ਦੀ ਦਾਦੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਔਰਤ ਨੂੰ ਲੋਕਾਂ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ ਗਿਆ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਵਾਸੀ ਪੱਖੋਵਾਲ ਹਾਲ, ਸਿੱਧਵਾਂ ਬੇਟ ਰੋਡ, ਜਗਰਾਉਂ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ ਬਲਰਾਜ ਸਿੰਘ ਨੇ ਦੱਸਿਆ ਕਿ ਬਾਈਕ ਸਵਾਰ ਮ੍ਰਿਤਕ ਆਪਣੀ ਦਾਦੀ ਨਾਲ ਲੁਧਿਆਣਾ ਸਾਈਡ ਤੋਂ ਜਗਰਾਉਂ ਸਥਿਤ ਆਪਣੇ ਘਰ ਵੱਲ ਆ ਰਿਹਾ ਸੀ। ਜਿਵੇਂ ਹੀ ਉਹ ਲੁਧਿਆਣਾ-ਫਿਰੋਜ਼ਪੁਰ ਹਾਈਵੇ ‘ਤੇ ਰਿਲਾਇੰਸ ਪੈਟਰੋਲ ਪੰਪ ਨੇੜੇ ਪਹੁੰਚਿਆ ਤਾਂ ਗਲਤ ਸਾਈਡ ਤੋਂ ਜਗਰਾਉਂ ਤੋਂ ਲੁਧਿਆਣਾ ਵੱਲ ਜਾ ਰਹੇ ਇਕ ਟਰੱਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਈਕ ਸਵਾਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬਾਈਕ ਦੇ ਪਿੱਛੇ ਬੈਠੀ ਉਸ ਦੀ ਦਾਦੀ ਗੰਭੀਰ ਜ਼ਖਮੀ ਹੋ ਗਈ। ਸੜਕ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੁਰਦੁਆਰਾ ਸਾਹਿਬ ਵਿਖੇ ਲੰਗਰ ਲੈ ਕੇ ਜਾ ਰਹੇ ਸਕੂਟਰ ਸਵਾਰ ਨੂੰ ਟਰਾਲੀ ਨੇ ਮਾਰੀ ਟੱਕਰ
ਸ਼ਹਿਰ ਦੇ ਸਭ ਤੋਂ ਵੱਡੇ ਗੁਰਦੁਆਰਾ ਨਾਨਕਸਰ ਵਿਖੇ ਲੰਗਰ ਲੈ ਕੇ ਜਾ ਰਹੇ ਸਕੂਟਰ ਸਵਾਰ ਵਿਅਕਤੀ ਨੂੰ ਪਰਾਲੀ ਨਾਲ ਭਰੀ ਟਰਾਲੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰ ਸਵਾਰ ਗੰਭੀਰ ਜ਼ਖਮੀ ਹੋ ਗਿਆ। ਨੌਜਵਾਨ ਦੇ ਪਿਤਾ ਨੇ ਪਹਿਲਾਂ ਉਸ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਜ਼ਖ਼ਮੀ ਵਿਅਕਤੀ ਨੂੰ ਲੁਧਿਆਣਾ ਰੈਫ਼ਰ ਕਰ ਦਿੱਤਾ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਛਾਣ ਗੁਰਪਿੰਦਰ ਸਿੰਘ ਉਰਫ ਗੁਰਪਿੰਦਰਜੀਤ ਸਿੰਘ ਵਾਸੀ ਪਿੰਡ ਕਾਉਕੇ ਕਲਾਂ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸ.ਆਈ. ਅਗਰੇਜ ਸਿੰਘ ਨੇ ਦੱਸਿਆ ਕਿ ਚਰਨਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿਚ ਦੱਸਿਆ ਗਿਆ ਕਿ ਉਸ ਦਾ ਲੜਕਾ ਗੁਰਪਿੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਕੂਟਰ ‘ਤੇ ਗੁਰਦੁਆਰਾ ਨਾਨਕਸਰ ਵਿਖੇ ਲੰਗਰ ਲੈ ਕੇ ਜਾ ਰਿਹਾ ਸੀ ਅਤੇ ਉਹ ਆਪਣੇ ਭਤੀਜੇ ਨਾਲ ਉਸ ਦੇ ਪਿੱਛੇ ਜਾ ਰਿਹਾ ਸੀ। ਜਿਵੇਂ ਹੀ ਉਸ ਦਾ ਲੜਕਾ ਗੁਰਦੁਆਰਾ ਨਾਨਕਸਰ ਨੇੜੇ ਪੁੱਜਾ ਤਾਂ ਉਸ ਤੋਂ ਅੱਗੇ ਜਾ ਰਹੀ ਪਰਾਲੀ ਨਾਲ ਭਰੀ ਟਰਾਲੀ ਤੋਂ ਉਸ ਦੇ ਲੜਕੇ ਨੇ ਹਾਰਨ ਵਜਾ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਟਰਾਲੀ ਚਾਲਕ ਨੇ ਆਪਣੀ ਗੱਡੀ ਖੱਬੇ ਪਾਸੇ ਮੋੜਨ ਦੀ ਬਜਾਏ ਸੱਜੇ ਪਾਸੇ ਮੋੜ ਲਈ, ਜਿਸ ਕਾਰਨ ਉਸ ਦਾ ਲੜਕਾ ਟਰਾਲੀ ਦੀ ਲਪੇਟ ਵਿਚ ਆ ਕੇ ਗੰਭੀਰ ਜ਼ਖ਼ਮੀ ਹੋ ਗਿਆ।
ਉਹ ਉਸ ਨੂੰ ਪਹਿਲਾਂ ਸਰਕਾਰੀ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ, ਜਦੋਂ ਉਹ ਲੁਧਿਆਣਾ ਦੇ ਹਸਪਤਾਲ ਪਹੁੰਚਿਆ ਤਾਂ ਉਸ ਦੇ ਪੁੱਤਰ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਉਸ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ, ਉਥੇ ਹੀ ਪੁਲਿਸ ਨੇ ਅਣਪਛਾਤੇ ਟਰਾਲੀ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।