ਲੁਧਿਆਣਾ | ਜ਼ਿਲ੍ਹੇ ਦੇ ਸ਼ੇਰਪੁਰ ਚੌਕ ਵਿੱਚ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਕ 18 ਟਾਇਰ ਟਰਾਲਾ ਅੰਮ੍ਰਿਤਸਰ ਤੋਂ ਚੌਲਾਂ ਦੀਆਂ ਬੋਰੀਆਂ ਲੱਦ ਕੇ ਜਾ ਰਿਹਾ ਸੀ। ਬਿਰ੍ਜ਼ਾ ਕਾਰ ਟਰਾਲੇ ਕੋਲੋਂ ਲੰਘ ਰਹੀ ਸੀ । ਇਸ ਦੌਰਾਨ ਕਾਰ ਟਰਾਲੇ ਦੀ ਸਾਈਡ ‘ਤੇ ਲੱਗੇ ਜਾਲ ‘ਚ ਫਸ ਗਈ, ਜਿਸ ਕਾਰਨ ਟਰਾਲੇ ਦਾ ਸਟੀਅਰਿੰਗ ਜਾਮ ਹੋ ਗਿਆ ਅਤੇ ਉਹ ਇਕ ਪਾਸੇ ਤੋਂ ਪੁਲ ਤੋਂ ਹੇਠਾਂ ਡਿੱਗ ਗਿਆ।
ਅੱਧੀ ਟਰਾਲੀ ਪੁਲ ‘ਤੇ ਸੀ ਅਤੇ ਬਾਕੀ ਪੁਲ ਦੇ ਹੇਠਾਂ ਡਿੱਗ ਗਈ। ਪਲਟਣ ਤੋਂ ਬਾਅਦ ਚੌਲਾਂ ਦੀਆਂ ਬੋਰੀਆਂ ਸੜਕ ‘ਤੇ ਡਿੱਗ ਗਈਆਂ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸੇ ਦਾ ਫਾਇਦਾ ਉਠਾਉਂਦੇ ਹੋਏ ਕੁਝ ਲੋਕਾਂ ਨੇ ਚੌਲਾਂ ਦੀਆਂ ਬੋਰੀਆਂ ਵੀ ਲੁੱਟ ਲਈਆਂ। ਇਸ ਦੇ ਨਾਲ ਹੀ ਬ੍ਰਿਜ਼ਾ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਹਾਦਸੇ ਤੋਂ ਬਾਅਦ ਟਰਾਲੇ ਚਾਲਕ ਦੇ ਸਹਾਇਕ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਉਸ ਨੂੰ ਅਤੇ ਡਰਾਈਵਰ ਨੂੰ ਕੈਬਿਨ ਤੋਂ ਬਾਹਰ ਕੱਢ ਲਿਆ। ਜ਼ਖ਼ਮੀ ਹਾਲਤ ਵਿੱਚ ਲੋਕਾਂ ਨੇ ਡਰਾਈਵਰ ਨੂੰ ਮੁੱਢਲੀ ਸਹਾਇਤਾ ਦਿੱਤੀ । ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਹਾਦਸੇ ਤੋਂ ਕਰੀਬ ਅੱਧੇ ਘੰਟੇ ਬਾਅਦ ਪੀਸੀਆਰ ਦਸਤਾ ਮੌਕੇ ’ਤੇ ਪਹੁੰਚ ਗਿਆ। ਪੁਲਿਸ ਨੇ ਟਰਾਲਾ ਚਾਲਕ ਨੂੰ ਜ਼ਖ਼ਮੀ ਹੋਣ ਕਾਰਨ ਤੁਰੰਤ ਇਲਾਜ ਲਈ ਡਾਕਟਰ ਕੋਲ ਭੇਜ ਦਿੱਤਾ।
ਨੁਕਸਾਨੀ ਗਈ ਬ੍ਰਿਜ਼ਾ ਕਾਰ ਦੇ ਡਰਾਈਵਰ ਵਿਕਾਸ ਨੇ ਦੱਸਿਆ ਕਿ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ। ਵਿਕਾਸ ਅਨੁਸਾਰ ਟਰਾਲਾ ਚਾਲਕ ਉਨ੍ਹਾਂ ਨੂੰ ਓਵਰਟੇਕ ਕਰ ਰਿਹਾ ਸੀ। ਇਸ ਕਾਰਨ ਉਸ ਦੀ ਕਾਰ ਟਰਾਲੇ ਨਾਲ ਲੱਗੇ ਜਾਲ ਵਿੱਚ ਫਸ ਗਈ। ਇਸ ਕਾਰਨ ਟਰਾਲਾ ਕਾਰ ਨੂੰ ਦੂਰ ਲੈ ਗਿਆ। ਵਿਕਾਸ ਮੁਤਾਬਕ ਜੇਕਰ ਕਾਰ ‘ਚੋਂ ਏਅਰ ਬੈਗ ਨਾ ਖੁੱਲ੍ਹਿਆ ਹੁੰਦਾ ਤਾਂ ਉਸ ਦੀ ਮੌਤ ਹੋ ਜਾਂਦੀ।
ਵਿਕਾਸ ਨੇ ਦੱਸਿਆ ਕਿ ਟਰਾਲੇ ਦੇ ਟਾਇਰ ਕਾਰ ਦੀ ਖਿੜਕੀ ਦੇ ਉੱਪਰ ਚੜ੍ਹ ਗਏ ਸਨ। ਕਾਰ ਪੂਰੀ ਤਰ੍ਹਾਂ ਖਤਮ ਹੋ ਗਈ ਹੈ। ਉਸ ਨੇ ਘਟਨਾ ਦੀ ਜਾਂਚ ਲਈ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਜੇਕਰ ਟਰਾਲੀ ਚਾਲਕ ਨਸ਼ਾ ਕਰਦਾ ਹੈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇ। ਉਕਤ ਟਰਾਲਾ ਚਾਲਕ ਬਿਰ੍ਜ਼ਾ ਕਾਰ ਚਾਲਕ ਦੀ ਗਲਤੀ ਦੱਸ ਰਿਹਾ ਹੈ। ਟਰਾਲਾ ਚਾਲਕ ਦਾ ਕਹਿਣਾ ਹੈ ਕਿ ਬਿਰ੍ਜ਼ਾ ਕਾਰ ਨੇ ਉਸ ਦੇ ਟਾਇਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਚੌਕੀ ਸ਼ੇਰਪੁਰ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।