ਜਲੰਧਰ | ਸ਼ਹਿਰ ਦੀ ਇੱਕ ਸਰਕਾਰੀ ਡਾਕਟਰ ਤੋਂ ਦਾਜ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਈਐਸਆਈ ਹਸਪਤਾਲ ਦੀ ਡਾਕਟਰ ਰੂਹੀ ਗਾਂਧੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਤੋਂ 2 ਕਰੋੜ ਰੁਪਏ ਅਤੇ ਔਡੀ ਕਾਰ ਦੀ ਮੰਗ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡਾ. ਰੂਹੀ ਨੇ ਪੁਲਿਸ ਨੂੰ ਦੱਸਿਆ ਕਿ 2019 ਵਿੱਚ ਉਸ ਦਾ ਵਿਆਹ ਸ਼ਾਦੀ ਡੌਟ ਕੌਮ ਵੈਬਸਾਇਟ ਰਾਹੀਂ ਜੈਪੂਰ ਦੇ ਪਿੰਡ ਵਿੱਚ ਰਹਿੰਦੇ ਡਾਕਟਰ ਸਦਾਨੰਦ ਨਾਲ ਹੋਇਆ ਸੀ। ਦਾਜ ਵਿੱਚ ਸਮਾਨ ਅਤੇ ਸਾਢੇ ਤਿੰਨ ਲੱਖ ਰੁਪਏ ਦਿੱਤੇ ਗਏ ਸਨ।
ਵਿਆਹ ਤੋਂ ਬਾਅਦ ਡਾਕਟਰ ਰੂਹੀ ਪਤੀ ਨਾਲ ਹਨੀਮੂਨ ਮਨਾਉਣ ਥਾਈਲੈਂਡ ਗਏ। ਇਸ ਤੋਂ ਬਾਅਦ ਜਦੋਂ ਸਸੁਰਾਲ ਗਈ ਤਾਂ ਸਹੁਰਿਆਂ ਨੇ ਹਸਪਤਾਲ ਬਨਾਉਣ ਲਈ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਡਾ. ਰੂਹੀ ਆਪਣੇ ਘਰ ਵਾਪਿਸ ਆ ਗਈ। ਹੁਣ ਸਹੁਰਿਆਂ ਨੇ ਤਲਾਕ ਦਾ ਨੋਟਿਸ ਵੀ ਭੇਜ ਦਿੱਤਾ ਹੈ।
ਡਾ. ਰੂਹੀ ਦੀ ਸ਼ਿਕਾਇਤ ਉੱਤੇ ਜਲੰਧਰ ਪੁਲਿਸ ਨੇ ਪਤੀ ਡਾ. ਸਦਾਨੰਦ, ਸਹੁਰਾ ਸ਼ਰਵਣ ਕੁਮਾਰ ਅਤੇ ਸੱਸ ਨੌਰਤੀ ਦੇਵੀ ਖਿਲਾਫ ਕੇਸ ਦਰਜ ਕਰ ਲਿਆ ਹੈ।