ਜਲੰਧਰ | ਇਥੋਂ ਦੇ ਲਤੀਫ਼ਪੁਰਾ ਵਿਚ ਘਰ ਢਾਹੁਣ ਦੇ ਮਾਮਲੇ ਵਿਚ ਮਾਨ ਸਰਕਾਰ ਘਿਰਦੀ ਜਾ ਰਹੀ ਹੈ। ਸਰਕਾਰ ਨੇ ਪੀੜਤਾਂ ਨੂੰ ਫਲੈਟ ਦੇਣ ਦਾ ਐਲਾਨ ਕੀਤਾ ਸੀ ਪਰ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਮੁੜ ਉਸੇ ਥਾਂ ’ਤੇ ਵਸਾਏ ਜਾਣ ਦੀ ਆਪਣੀ ਮੰਗ ’ਤੇ ਡਟ ਗਿਆ ਹੈ। ਇਸ ਮੁੱਦੇ ਨੂੰ ਵਿਰੋਧੀ ਸਿਆਸੀ ਪਾਰਟੀਆਂ ਹੋਰ ਹਵਾ ਦੇ ਰਹੀਆਂ ਹਨ।
ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਮੋਰਚੇ ਦੇ ਆਗੂ ਪੀੜਤਾਂ ਨੂੰ ਉਸੇ ਥਾਂ ਵਸਾਏ ਜਾਣ ਦੀ ਮੰਗ ’ਤੇ ਅੜੇ ਰਹੇ ਜਦਕਿ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਹ ਗੱਲ ਮੰਨਣ ਤੋਂ ਆਪਣੀ ਅਸਮਰੱਥਤਾ ਜਤਾਈ। ਮਾਮਲਾ ਉਲਝਦਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਲਤੀਫਪੁਰਾ ਤੋਂ ਉਜਾੜੇ ਲੋਕਾਂ ਨੂੰ ਮੁੜ ਉਥੇ ਵਸਾਉਣ ਤੇ ਮੁਆਵਜ਼ਾ ਦੇਣ ਦਾ ਫ਼ੈਸਲਾ ਨਾ ਲਿਆ ਗਿਆ ਤਾਂ ਪਹਿਲੀ ਜਨਵਰੀ ਨੂੰ ਪੀਏਪੀ ਚੌਕ ਵਿਚ 12 ਤੋਂ 2 ਵਜੇ ਤੱਕ ਕੌਮੀ ਮਾਰਗ ਜਾਮ ਕੀਤਾ ਜਾਵੇਗਾ।
ਸਰਕਾਰੀ ਧਿਰ ਪੀੜਤਾਂ ਨੂੰ ਬੀਬੀ ਭਾਨੀ ਕੰਪਲੈਕਸ ਦੇ ਫਲੈਟਾਂ ਵਿਚ ਵਸਾਉਣ ਦੀ ਪੇਸ਼ਕਸ਼ ’ਤੇ ਬਜ਼ਿੱਦ ਰਹੀ, ਜਦਕਿ ਮੋਰਚੇ ਦੇ ਆਗੂ ਪੀੜਤਾਂ ਨੂੰ ਲਤੀਫ਼ਪੁਰਾ ਵਿਚ ਹੀ ਵਸਾਉਣ ਦੀ ਆਪਣੀ ਮੰਗ ’ਤੇ ਡਟੇ ਰਹੇ। ਮੀਟਿੰਗ ਵਿਚ ਡਿਪਟੀ ਕਮਿਸ਼ਨਰ ਤੇ ਇੰਪਰੂਵਮੈਂਟ ਚੇਅਰਮੈਨ ਵੱਲੋਂ ਮਸਲੇ ਦੇ ਹੱਲ ਲਈ ਸਰਕਾਰ ਤੱਕ ਮੰਗਾਂ ਨੂੰ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਗਤਾਰ ਸਿੰਘ ਸੰਘੇੜਾ ਨੇ ਸਪੱਸ਼ਟ ਕੀਤਾ ਕਿ ਪੀੜਤਾਂ ਨੂੰ ਉਥੇ ਵਸਾਉਣਾ ਸੰਭਵ ਨਹੀਂ ਤੇ ਨਾ ਹੀ ਇਹ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।