ਕਰਤਾਰਪੁਰ ਵਿੱਚ ਡੇਰੇ ‘ਚ ਹੀ ਬਣਾਇਆ ਸੀ ਨਸ਼ਾ ਛੁਡਾਊ ਕੇਂਦਰ, ਸੰਚਾਲਕ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕਤਲ

0
843

ਕਰਤਾਰਪੁਰ | ਪਿੰਡ ਪੱਤੜ ਕਲਾਂ ਦੇ ਇਕ ਨੌਜਵਾਨ ਦਾ ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕ ਤੇ ਉਸ ਦੇ ਸਾਥੀਆਂ ਨੇ ਕੇਂਦਰ ‘ਚ ਹੀ ਕਤਲ ਕਰ ਦਿੱਤਾ। ਨੌਜਵਾਨ ਨਸ਼ਾ ਛੁਡਾਉਣ ਲਈ ਕੇਂਦਰ ‘ਚ ਦਾਖਲ ਹੋਇਆ ਸੀ।

ਥਾਣਾ ਕਰਤਾਰਪੁਰ ਦੀ ਪੁਲਿਸ ਨੇ ਸੰਚਾਲਕ ਪੱਤੜ ਕਲਾਂ ਵਾਸੀ ਸੁੱਖਾ ਨਿਹੰਗ ਤੇ ਉਸ ਦੇ 7 ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਆਰੋਪੀ ਫਰਾਰ ਹਨ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਬਲਜਿੰਦਰ ਸਿੰਘ ਦੀ ਮਾਤਾ ਬਲਬੀਰ ਕੌਰ ਨੇ ਦੱਸਿਆ ਕਿ ਉਸ ਦੇ 2 ਬੇਟੇ ਤੇ ਇਕ ਬੇਟੀ ਹੈ। ਛੋਟਾ ਬੇਟਾ ਬਲਜਿੰਦਰ ਸਿੰਘ ਗਲਤ ਸੰਗਤ ‘ਚ ਪੈ ਕੇ ਨਸ਼ੇ ਦਾ ਆਦੀ ਹੋ ਗਿਆ ਸੀ।

ਉਸ ਨੂੰ ਪਤਾ ਲੱਗਾ ਕਿ ਪਿੰਡ ਪੱਤੜ ਕਲਾਂ ਦੇ ਬਾਹਰ ਇਕ ਡੇਰੇ ‘ਚ ਨਸ਼ਾ ਛੁਡਾਊ ਕੇਂਦਰ ਬਣਿਆ ਹੋਇਆ ਹੈ, ਜਿਸ ਦਾ ਸੰਚਾਲਕ ਸੁੱਖਾ ਨਿਹੰਗ ਹੈ। ਉਸ ਨੇ ਸੁੱਖਾ ਨਾਲ ਸੰਪਰਕ ਕਰਕੇ ਉਸ ਨੂੰ ਆਪਣੇ ਪੁੱਤ ਬਾਰੇ ਦੱਸਿਆ।

ਸੁੱਖਾ ਨੇ ਉਸ ਨੂੰ ਕਿਹਾ ਕਿ 3 ਮਹੀਨਿਆਂ ‘ਚ ਉਸ ਦੇ ਪੁੱਤ ਦਾ ਨਸ਼ਾ ਛੁਡਵਾ ਦੇਵੇਗਾ। ਸੰਚਾਲਕ ਨੇ ਉਸ ਨੂੰ ਕਿਹਾ ਕਿ ਕੁਝ ਦਿਨ ਉਹ ਆਪਣੇ ਪੁੱਤਰ ਨੂੰ ਮਿਲਣ ਨਹੀਂ ਆਏਗੀ।

ਐਤਵਾਰ ਨੂੰ ਸੁੱਖਾ ਉਸ ਦੇ ਘਰ ਆਇਆ ਤੇ ਕਿਹਾ ਕਿ ਉਸ ਦੇ ਪੁੱਤ ਦੀ ਮੌਤ ਹੋ ਗਈ ਹੈ। ਉਸ ਨੇ ਕਿਹਾ ਕਿ ਬਲਜਿੰਦਰ ਸਿੰਘ ਨੂੰ ਹਾਰਟ ਅਟੈਕ ਆਇਆ ਸੀ।

ਉਹ ਪਰਿਵਾਰ ਦੇ ਨਾਲ ਡੇਰੇ ‘ਤੇ ਗਈ ਤਾਂ ਪਤਾ ਲੱਗਾ ਕਿ ਸਿਵਿਲ ਹਸਪਤਾਲ ‘ਚ ਉਸ ਦੇ ਪੁੱਤਰ ਦੀ ਲਾਸ਼ ਰੱਖਵਾ ਦਿੱਤੀ ਗਈ ਹੈ। ਲਾਸ਼ ਦੇਖੀ ਤਾਂ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਮਾਰੇ ਜਾਣ ਦੇ ਨਿਸ਼ਾਨ ਸਨ।

ਥਾਣਾ ਕਰਤਾਰਪੁਰ ਦੇ ਇੰਚਾਰਜ ਅਰੁਣ ਮੁੰਡਨ ਨੇ ਦੱਸਿਆ ਕਿ ਪੁਲਿਸ ਆਰੋਪੀਆਂ ਦੀ ਭਾਲ ‘ਚ ਛਾਪੇਮਾਰੀ ਕਰ ਰਹੀ ਹੈ।