ਕਪੂਰਥਲਾ ‘ਚ ਪਤੀ ਨੇ ਘਰੇਲੂ ਕਲੇਸ਼ ਦੇ ਚਲਦਿਆਂ ਪਤਨੀ ਦਾ ਕੀਤਾ ਬੇਰਹਿਮੀ ਨਾਲ ਕਤਲ; ਇਟਲੀ ਤੋਂ ਆਉਂਦੇ ਸਾਰ ਮਾਰਿਆ

0
2088

ਕਪੂਰਥਲਾ/ਕਾਲਾ ਸੰਘਿਆਂ, 31 ਅਕਤੂਬਰ | ਨਜ਼ਦੀਕੀ ਪਿੰਡ ਸੰਧੂ ਚੱਠਾ ਜ਼ਿਲਾ ਕਪੂਰਥਲਾ ਵਿਖੇ ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਟਲੀ ਤੋਂ ਆਏ ਸੁਖਦੇਵ ਸਿੰਘ ਉਰਫ਼ ਮੱਖਣ ਪੁੱਤਰ ਸੀਤਾ ਸਿੰਘ ਨੇ ਤੜਕਸਾਰ ਵਿਦੇਸ਼ ਤੋਂ ਪਰਤਦਿਆਂ ਹੀ ਆਪਣੀ ਪਤਨੀ ਹਰਪ੍ਰੀਤ ਕੌਰ ਦਾ ਸਿਰ ਪਟਕਾ-ਪਟਕਾ ਕੇ ਕਤਲ ਕਰ ਦਿੱਤਾ। ਸੁਖਦੇਵ ਸਿੰਘ ਵਾਰਦਾਤ ਉਪਰੰਤ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਸੁਖਦੇਵ ਸਿੰਘ ਪਿਛਲੇ 16 ਸਾਲਾਂ ਤੋਂ ਵਿਦੇਸ਼ ਵਿਚ ਰਹਿ ਰਿਹਾ ਸੀ ਅਤੇ ਹਰਪ੍ਰੀਤ ਕੌਰ ਵੀ ਕੁਝ ਸਮਾਂ ਪਹਿਲਾਂ ਸੁਖਦੇਵ ਸਿੰਘ ਕੋਲ਼ੋਂ ਕਰੀਬ ਮਹੀਨਾ ਕੁ ਰਹਿ ਕੇ ਵਾਪਸ ਆਈ ਸੀ ਅਤੇ ਇਨ੍ਹਾਂ ਦੀ ਆਪਸ ਵਿਚ ਅਣਬਣ ਰਹਿੰਦੀ ਦੱਸੀ ਜਾ ਰਹੀ ਹੈ। ਵਾਰਦਾਤ ਦਾ ਪਤਾ ਲੱਗਣ ‘ਤੇ ਜ਼ਿਲਾ ਪੁਲਿਸ ਮੁਖੀ ਵਤਸਲ ਗੁਪਤਾ, ਮਨਪ੍ਰੀਤ ਸ਼ੀਹਮਾਰ ਡੀਐਸਪੀ ਸਬ-ਡਵੀਜ਼ਨ, ਥਾਣਾ ਸਦਰ ਦੇ ਮੁਖੀ ਸੋਨਮਦੀਪ ਕੌਰ, ਪਾਲ ਸਿੰਘ ਸਿੱਧੂ ਚੌਕੀ ਇੰਚਾਰਜ ਕਾਲਾ ਸੰਘਿਆਂ ਸਮੇਤ ਹੋਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।

ਜ਼ਿਕਰਯੋਗ ਹੈ ਕਿ ਸੁਖਦੇਵ ਸਿੰਘ ਮੱਖਣ ਅਤੇ ਮ੍ਰਿਤਕ ਹਰਪ੍ਰੀਤ ਕੌਰ ਦੋਹਾਂ ਦਾ ਦੂਜਾ ਵਿਆਹ ਸੀ ਤੇ ਕੋਈ ਔਲਾਦ ਨਹੀਂ ਸੀ। ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇਕ ਬੇਟਾ ਸੀ ਜੋ ਕਾਫੀ ਸਾਲਾਂ ਤੋਂ ਸੀਚੇਵਾਲ ਕੁਟੀਆ ਰਹਿੰਦਾ ਸੀ ਤੇ ਕੁਝ ਸਮਾਂ ਪਹਿਲਾਂ ਪਿੰਡ ਵਿਖੇ ਆ ਕੇ ਰਹਿਣ ਲੱਗਾ ਸੀ ਪਰ ਉਹ ਹਰਪ੍ਰੀਤ ਕੌਰ ਨਾਲੋਂ ਵੱਖਰੇ ਘਰ ਵਿਚ ਰਹਿੰਦਾ ਸੀ।

ਜਾਣਕਾਰੀ ਅਨੁਸਾਰ ਸੁਖਦੇਵ ਸਿੰਘ ਰਾਤ ਕਰੀਬ 3 ਵਜੇ ਵਿਦੇਸ਼ ਤੋਂ ਸਿੱਧਾ ਆਪਣੇ ਪੁੱਤਰ ਦੀ ਰਿਹਾਇਸ਼ ‘ਤੇ ਆਇਆ ਅਤੇ ਸਵੇਰੇ ਕਰੀਬ 5.30 ਵਜੇ ਹਰਪ੍ਰੀਤ ਕੌਰ ਨੂੰ ਮਿਲਣ ਦਾ ਕਹਿ ਕੇ ਉਸ ਦੀ ਰਿਹਾਇਸ਼ ‘ਤੇ ਆਇਆ ਤੇ ਆਉਂਦਿਆਂ ਹੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।