ਸੁਲਤਾਨਪੁਰ ਲੋਧੀ, ਕਪੂਰਥਲਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਕਾਲਰੂ ਵਿਖੇ ਗੁਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਕਾਲਰੂ ਵੱਲੋਂ ਆਪਣੇ ਸਹੁਰਾ ਪਰਿਵਾਰ ਪਤਨੀ ਸਿਮਰਨ ਕੌਰ, ਸੱਸ ਹਰਮਨ ਕੌਰ ਉਰਫ ਪੰਮੀ ਅਤੇ ਸਾਲੀ ਵਰਖਾ ਵੱਲੋਂ ਤੰਗ-ਪ੍ਰੇਸ਼ਾਨ ਕਰਨ ‘ਤੇ ਜਾਨ ਦੇ ਦਿੱਤੀ ਸੀ, ਇਸ ਮਾਮਲੇ ਸਬੰਧੀ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਪਿੰਡ ਕਾਲਰੂ ਥਾਣਾ ਸੁਲਤਾਨਪੁਰ ਲੋਧੀ ਦੇ ਬਿਆਨਾਂ ‘ਤੇ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਬਬਨਦੀਪ ਸਿੰਘ ਡੀਐਸਪੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਥਿੰਦ ਥਾਣਾ ਮੁਖੀ ਸੁਲਤਾਨਪੁਰ ਲੋਧੀ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਦੋਸ਼ੀਆਂ ਦੇ ਘਰਾਂ ਤੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਗਈ। ਰੇਡ ਦੌਰਾਨ ਮ੍ਰਿਤਕ ਦੀ ਸੱਸ ਹਰਮਨ ਕੌਰ ਉਰਫ ਪੰਮੀ ਪਤਨੀ ਨਰਾਇਣ ਸਿੰਘ ਵਾਸੀ ਮੁਹੱਲਾ ਸੰਤਪੁਰਾ, ਦਸਮੇਸ਼ ਕਾਲੋਨੀ ਕਪੂਰਥਲਾ, ਮ੍ਰਿਤਕ ਦੀ ਸਾਲੀ ਵਰਖਾ ਪਤਨੀ ਸੰਨੀ ਵਾਸੀ ਮੁਹੱਲਾ ਸੰਤਪੁਰਾ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਹੋਈ। ਇਸ ਸਾਰੇ ਮਾਮਲੇ ਸਬੰਧੀ ਤਫਤੀਸ਼ ਜਾਰੀ ਹੈ।