ਜਲੰਧਰ ‘ਚ ਉਹੀ ਅਫਸਰ ਪਬਲਿਕ ਡੀਲਿੰਗ ਕਰਣਗੇ ਜਿਨ੍ਹਾਂ ਨੇ ਲਗਵਾਇਆ ਹੋਵੇਗਾ ਕੋਰੋਨਾ ਟੀਕਾ

0
2690

ਜਲੰਧਰ | ਜ਼ਿਲ੍ਹੇ ਦੇ ਸਰਕਾਰੀ ਦਫ਼ਤਰਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਵਿਡ ਵਾਇਰਸ ਤੋਂ ਬਚਾਉਣ ਲਈ ਡਿਪਟੀ ਕਮਿਸ਼ਨਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਜਿਨਾਂ ਸਰਕਾਰੀ ਕਰਮਚਾਰੀਆਂ ਨੇ ਅਜੇ ਤੱਕ ਕੋਵਿਡ ਵੈਕਸੀਨ ਨਹੀਂ ਲਗਵਾਈ ਉਨਾਂ ਨੂੰ ਪਬਲਿਕ ਡੀਲਿੰਗ ਦੀਆਂ ਸੀਟਾਂ ਤੋਂ ਬਦਲਿਆ ਜਾਵੇ।

ਡਿਪਟੀ ਕਮਿਸ਼ਨਰ ਜਲੰਧਰ ਨੇ ਦੱਸਿਆ ਕਿ ਇਹ ਫ਼ੈਸਲਾ ਮੁੱਖ ਸਕੱਤਰ ਵਿੰਨੀ ਮਹਾਜਨ ਦੀ ਪ੍ਰਧਾਨਗੀ ਹੇਠ ਹੋਈ ਰਾਜ ਪੱਧਰੀ ਵਰਚੂਅਲ ਮੀਟਿੰਗ ਦੌਰਾਨ ਲਿਆ ਗਿਆ ਹੈ। ਉਹੀ ਕਰਮਚਾਰੀਆਂ ਨੂੰ ਪਬਲਿਕ ਸੀਟਾਂ ’ਤੇ ਕੰਮ ਕਰਨ ਲਈ ਰਹਿਣ ਦਿੱਤਾ ਜਾਵੇ ਜਿਨਾਂ ਨੇ ਕੋਵਿਡ ਵੈਕਸੀਨ ਲਗਾ ਲਈ ਹੈ। ਵੱਡੇ ਜਨਤਕ ਹਿੱਤ ਨੂੰ ਦੇਖਦਿਆਂ ਕੋਵਿਡ ਵਾਇਰਸ ਦੀ ਕੜੀ ਨੂੰ ਤੋੜਨ ਲਈ ਕੋਵਿਡ ਵੈਕਸੀਨ ਲੱਗੇ ਕਰਮਚਾਰੀਆਂ ਨੂੰ ਪਬਲਿਕ ਡੀਲਿੰਗ ਸੀਟਾਂ ’ਤੇ ਲਗਾਉਣ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਅਜਿਹੇ ਕਰਮਚਾਰੀਆਂ ਦੀ ਸੂਚੀ ਬਣਾਈ ਜਾਵੇ ਜਿਨਾਂ ਨੇ ਅਜੇ ਤੱਕ ਕੋਵਿਡ ਵੈਕਸੀਨ ਦਾ ਟੀਕਾ ਨਹੀਂ ਲਗਵਾਇਆ।

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਨੇ ਰੈਸਟੋਰੈਂਟਾਂ, ਬਾਰਾਂ, ਹੋਟਲਾਂ, ਮੈਰਿਜ ਪੇਲੈਸਾਂ, ਦਾਅਵਤ ਹਾਲਾਂ, ਸਲੂਨਾਂ ਅਤੇ ਉਦਯੋਗਾਂ ਦੇ ਮਾਲਕਾਂ ਨੂੰ ਕਿਹਾ ਕਿ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਪਣੇ ਅਮਲੇ ਨੂੰ ਕੋਵਿਡ ਵੈਕਸੀਨ ਲਗਾਉਣਾ ਯਕੀਨੀ ਬਣਾਉਣ ਕਿਉਂਕਿ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਇਸ ਉਮਰ ਵਰਗ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ 45 ਸਾਲ ਤੋਂ ਉਪਰ ਦੇ ਸਾਰੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਨੂੰ ਯਕੀਨੀ ਬਣਾਉਣ ਲਈ ਸਹਿ ਬਿਮਾਰੀ ਹੋਣ ਦੀ ਸ਼ਰਤ ਨੂੰ ਹਟਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਵਿੱਚ ਮੋਬਾਇਲ ਟੀਕਾਕਰਨ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਤੋਂ ਇਲਾਵਾ 105 ਕੋਵਿਡ ਵੈਕਸੀਨ ਲਗਾਉਣ ਸਬੰਧੀ ਸੈਸ਼ਨ ਸਾਈਟਾਂ ਨੂੰ ਸਾਰੇ ਸਿਹਤ ਅਤੇ ਵੈਲਨੈਸ ਸੈਂਟਰਾਂ ਸਮੇਤ 300 ਤੱਕ ਕੀਤੀ ਜਾਵੇ। ਜ਼ਿਕਰ ਯੋਗ ਹੈ ਕਿ ਹੁਣ ਜ਼ਿਲ੍ਹੇ ਵਿੱਚ 105 ਕੋਵਿਡ ਟੀਕਾਕਰਨ ਸੈਸ਼ਨ ਸਾਈਟਾਂ ਹਨ ਜਿਨਾਂ ਵਿੱਚ 50 ਸਰਕਾਰੀ ਅਤੇ 55 ਪ੍ਰਾਈਵੇਟ ਸੈਂਟਰ ਹਨ ਜਿਨਾ ਨੂੰ ਆਉਣ ਵਾਲੇ ਦਿਨਾਂ ਵਿੱਚ 300 ਤੱਕ ਵਧਾਇਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਹੁਣ ਤੱਕ 85 ਫੀਸਦੀ ਮੋਹਰਲੀ ਕਤਾਰ ਦੇ ਕਾਮੇ ਅਤੇ 60 ਫੀਸਦੀ ਸਿਹਤ ਸੰਭਾਲ ਵਰਕਰਾਂ ਨੂੰ ਜ਼ਿਲ੍ਹੇ ਵਿੱਚ ਕੋਵਿਡ ਵੈਕਸੀਨ ਲਗਾਉਣ ਤੋਂ ਇਲਾਵਾ 33845 ਬਜ਼ੁਰਗਾਂ ਅਤੇ 45 ਸਾਲ ਦੇ ਸਹਿ ਬਿਮਾਰੀ ਦੇ ਲਾਭਪਾਤਰੀਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਵਿੱਚ ਲੈਵਲ-2 ਲਈ 957 ਬੈਡ ਅਤੇ ਲੈਵਲ-3 ਲਈ 350 ਬੈਡਾਂ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।