ਜਲੰਧਰ ‘ਚ ਵੱਡੀ ਵਾਰਦਾਤ ! ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

0
290

ਜਲੰਧਰ, 23 ਸਤੰਬਰ | ਭੋਗਪੁਰ ‘ਚ ਦੇਰ ਰਾਤ ਪੁਰਾਣੀ ਰੰਜਿਸ਼ ਕਾਰਨ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਪਾਲ ਸਿੰਘ ਉਰਫ ਸ਼ਾਲੂ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਰੇਲਵੇ ਫਾਟਕ ਨੇੜੇ ਹਥਿਆਰਬੰਦ ਹਮਲਾਵਰਾਂ ਵੱਲੋਂ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ਸਬੰਧੀ ਦਿਹਾਤੀ ਦੇ ਐਸਐਸਪੀ ਹਰਕਮਲ ਸਿੰਘ ਖੱਖ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਵਿਚ ਆਪਸੀ ਦੁਸ਼ਮਣੀ ਕਾਰਨ ਲੜਾਈ ਹੋਈ ਸੀ, ਜਿਸ ਕਾਰਨ ਕੁਝ ਨੌਜਵਾਨਾਂ ਨੇ ਜਸਪਾਲ ਸਿੰਘ ਉਰਫ ਸ਼ਾਲੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਜਾਂਚ ਤੋਂ ਬਾਅਦ ਥਾਣਾ ਭੋਗਪੁਰ ਦੀ ਪੁਲਿਸ ਨੇ ਮਾਮਲੇ ‘ਚ 4 ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਲੂ ਦੇ ਸਿਰ ‘ਚ ਕੁਝ ਗੋਲੀਆਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।