ਗੁਰਦਾਸਪੁਰ ‘ਚ ਇੰਜੀਨੀਅਰ ਭਰਾਵਾਂ ਨੇ ਪੇਸ਼ ਕੀਤੀ ਮਿਸਾਲ, ਨੌਕਰੀ ਦੀ ਬਜਾਏ ਕਰ ਰਹੇ ਫੁੱਲਾਂ ਦੀ ਖੇਤੀ, ਕਮਾ ਰਹੇ ਲੱਖਾਂ

0
1071

ਗੁਰਦਾਸਪੁਰ, 17 ਦਸੰਬਰ | ਗੁਰਦਾਸਪੁਰ ਵਿਚ 2 ਇੰਜੀਨੀਅਰ ਭਰਾਵਾਂ ਨੇ ਮਿਸਾਲ ਪੇਸ਼ ਕੀਤੀ ਹੈ। ਜੱਦੀ ਜ਼ਮੀਨ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਨਾ ਸਿਰਫ ਖੇਤੀ ਨੂੰ ਆਪਣਾ ਮੁੱਖ ਧੰਦਾ ਬਣਾਇਆ ਸਗੋਂ ਠੇਕੇ ‘ਤੇ ਜ਼ਮੀਨ ਲੈ ਕੇ ਫੁੱਲਾਂ ਦੀ ਖੇਤੀ ਕੀਤੀ, ਜਿਸ ਨਾਲ ਉਹ ਫੁੱਲਾਂ ਨਾਲ ਸਬਜ਼ੀ ਦੀ ਪਨੀਰੀ ਉਗਾ ਕੇ ਸਾਲਾਨਾ 12 ਲੱਖ ਰੁਪਏ ਕਮਾ ਰਹੇ ਹਨ।

ਇਸ ਬਾਰੇ ਜਤਿਨ ਤੇ ਨਿਤਿਨ ਨੇ ਕਿਹਾ ਕਿ ਉਨ੍ਹਾਂ ਨੇ ਬੀਟੈੱਕ ਤੇ ਆਈਟੀ ਸੈਕਟਰ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀ ਕਰਨ ਜਾਂ ਵਿਦੇਸ਼ ਜਾਣ ਦੀ ਬਜਾਏ ਖੇਤੀ ਦਾ ਕੰਮ ਕਰਨ ਨੂੰ ਤਰਜੀਹ ਦਿੱਤੀ। ਉਨ੍ਹਾਂ ਨੇ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਲਗਭਗ ਡੇਢ ਏਕੜ ਜਗ੍ਹਾ ਠੇਕੇ ‘ਤੇ ਲੈ ਕੇ ਉਸ ਵਿਚ ਫੁੱਲਾਂ ਤੇ ਸਬਜ਼ੀਆਂ ਦੀ ਖੇਤੀ ਦਾ ਕੰਮ ਸ਼ੁਰੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਦਾ ਕੋਈ ਤਜਰਬਾ ਨਹੀਂ ਸੀ ਪਰ ਉਨ੍ਹਾਂ ਨੇ ਯੂ-ਟਿਊਬ ਤੋਂ ਇਸ ਦੀ ਜਾਣਕਾਰੀ ਲਈ ਤੇ ਇਸ ਨੂੰ ਸਫਲ ਬਣਾ ਦਿੱਤਾ। ਲਗਭਗ 2 ਸਾਲ ਦੀ ਮਿਹਨਤ ਨਾਲ ਉਨ੍ਹਾਂ ਨੂੰ ਸਫਲਤਾ ਮਿਲੀ। ਉਨ੍ਹਾਂ ਕਿਹਾ ਕਿ ਕਈ ਲੋਕ ਜਿਥੇ ਉਨ੍ਹਾਂ ਤੋਂ ਸਿੱਧੇ ਤੌਰ ‘ਤੇ ਪਨੀਰੀ ਖਰੀਦ ਕੇ ਲੈ ਜਾਂਦੇ ਹਨ ਤੇ ਕਈ ਨਰਸਰੀ ਵਾਲੇ ਵੀ ਉਨ੍ਹਾਂ ਤੋਂ ਪਨੀਰੀ ਖਰੀਦ ਕੇ ਫੁੱਲ ਤਿਆਰ ਕਰਦੇ ਹਨ ਤੇ ਪੌਦੇ ਤਿਆਰ ਕਰਕੇ ਇਸ ਨੂੰ ਵੇਚਦੇ ਹਨ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਉਹ ਰਵਾਇਤੀ ਫਸਲਾਂ ਦੀ ਬਜਾਏ ਫੁੱਲਾਂ ਦੀ ਖੇਤੀ ਸਣੇ ਅਜਿਹੀਆਂ ਕੋਸ਼ਿਸ਼ਾਂ ਕਰਨ। ਉਨ੍ਹਾਂ ਕਿਹਾ ਕਿ ਖੇਤਾਂ ਵਿਚ ਆਧੁਨਿਕ ਕਿਸਮ ਦੇ ਬੀਜ ਤੇ ਹੋਰ ਸਾਮਾਨ ਦਾ ਇਸਤੇਮਾਲ ਕਰ ਰਹੇ ਹਾਂ। ਇਹ ਰਸਾਇਣਿਕ ਦਵਾਈਆਂ ਤੇ ਖਾਦਾਂ ਦੀ ਬਜਾਏ ਦੇਸੀ ਖਾਦ ਤੇ ਸੁਆਹ ਆਦਿ ਦਾ ਵਰਤੋਂ ਕਰਦੇ ਹਨ।