ਗੁਰਦਾਸਪੁਰ ‘ਚ ਨਹਿਰੀ ਵਿਭਾਗ ਵਲੋਂ 71 ਲੋਕਾਂ ਨੂੰ ਘਰ ਖਾਲੀ ਕਰਨ ਲਈ ਨੋਟਿਸ ਜਾਰੀ, ਜਾਣੋ ਕਾਰਨ

0
2588

ਗੁਰਦਾਸਪੁਰ | ਬੀਤੀ 15 ਜੂਨ ਨੂੰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੀਡਾ ਸੰਸੀਆਂ ‘ਚ ਨਸ਼ੇ ਦੀ ਓਵਰਡੋਜ਼ ਨਾਲ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਅਤੇ ਘਟਨਾ ਦੇ ਅਗਲੇ ਹੀ ਦਿਨ ਪਿੰਡ ‘ਚ ਨਸ਼ਾ ਤਸਕਰੀ ‘ਚ ਸ਼ਾਮਲ 6 ਦੇ ਕਰੀਬ ਘਰ ਤਬਾਹ ਹੋ ਗਏ ਸਨ। ਲੋਕ ਪਿੰਡ ਛੱਡ ਕੇ ਭੱਜ ਗਏ ਸਨ। ਪੁਲਿਸ ਪ੍ਰਸ਼ਾਸਨ ਨੇ ਉਕਤ ਛੇ ਘਰਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ।

ਹੁਣ ਇਸ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਜਦੋਂ ਨਹਿਰੀ ਵਿਭਾਗ ਨੇ ਉਕਤ ਪਿੰਡ ਦੇ 71 ਲੋਕਾਂ ਨੂੰ ਮਕਾਨ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਹਨ। ਜਿਨ੍ਹਾਂ ਵਿੱਚੋਂ ਸਿਰਫ਼ 56 ਲੋਕਾਂ ਨੂੰ ਹੀ ਨੋਟਿਸ ਮਿਲੇ ਹਨ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਤਸਕਰਾਂ ਦੀ ਆੜ ‘ਚ ਬਾਕੀ ਪਿੰਡ ਵਾਸੀਆਂ ਦੇ ਘਰ ਵੀ ਖਾਲੀ ਕਰਵਾ ਰਿਹਾ ਹੈ। ਨਹਿਰੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕੋਈ ਸਾਜ਼ਿਸ਼ ਨਹੀਂ ਸਗੋਂ ਰੂਟੀਨ ਕੰਮ ਦਾ ਨਤੀਜਾ ਹੈ।

ਪਿੰਡ ਦੀ ਮਹਿਲਾ ਸਰਪੰਚ ਕਮਲੇਸ਼ ਕੁਮਾਰੀ, ਵਿਕਰਾਂਤ, ਕਰਨ ਕੁਮਾਰ, ਪਰਮਜੀਤ, ਸੰਜੂ ਅਤੇ ਕੁਲਦੀਪ ਨੇ ਦੱਸਿਆ ਕਿ ਪਿੰਡ ‘ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ’ਤੇ ਉਨ੍ਹਾਂ ਦੇ ਪਿੰਡ ‘ਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਇਸ ਕਾਰਨ ਪਿੰਡ ‘ਚ ਨਸ਼ੇ ਦੇ ਕਾਰੋਬਾਰ ਦੇ ਸ਼ੱਕੀ ਲੋਕ ਪਿੰਡ ਛੱਡ ਕੇ ਚਲੇ ਗਏ ਹਨ ਅਤੇ ਜੂਨ ਦੇ ਅਖੀਰ ‘ਚ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ 6 ਘਰ ਖਾਲੀ ਕਰਨ ਦੇ ਨੋਟਿਸ ਜਾਰੀ ਕੀਤੇ ਸਨ ਪਰ ਹੁਣ ਜ਼ਿਲ੍ਹਾ ਪ੍ਰਸ਼ਾਸਨ ਨਸ਼ਾ ਤਸਕਰਾਂ ਦੀ ਆੜ ‘ਚ ਪੂਰੇ ਪਿੰਡ ਨੂੰ ਘੇਰ ਰਿਹਾ ਹੈ।

ਉਸ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸਨ। ਪੁਲਿਸ ਵੱਲੋਂ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਕੁਝ ਲੋਕ ਫ਼ਰਾਰ ਹਨ। ਪੁਲਿਸ ਦੀ ਇਸ ਕਾਰਵਾਈ ਤੋਂ ਪਿੰਡ ਦੇ ਲੋਕ ਵੀ ਖੁਸ਼ ਹਨ ਪਰ ਹੁਣ ਨਹਿਰੀ ਵਿਭਾਗ ਨੇ ਪਿੰਡ ਦੇ 71 ਲੋਕਾਂ ਨੂੰ ਮਕਾਨ ਖਾਲੀ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਉਕਤ ਮਕਾਨ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕਰ ਕੇ ਬਣਾਏ ਗਏ ਹਨ। ਉਸ ਨੇ ਦੱਸਿਆ ਕਿ ਉਸ ਦੇ ਦਾਦਾ-ਦਾਦੀ 150 ਸਾਲ ਤੋਂ ਵੱਧ ਸਮੇਂ ਤੋਂ ਪਿੰਡ ‘ਚ ਰਹਿ ਰਹੇ ਹਨ । ਨਹਿਰਾਂ ‘ਤੇ ਹੋਏ ਨਾਜਾਇਜ਼ ਕਬਜ਼ਿਆਂ ਵੱਲ ਪਹਿਲੀ ਸਰਕਾਰ ਨੇ ਧਿਆਨ ਕਿਉਂ ਨਹੀਂ ਦਿੱਤਾ?

ਇਹ ਸਭ ਉਨ੍ਹਾਂ ਦੇ ਪਿੰਡ ਨੂੰ ਬਦਨਾਮ ਕਰਨ ਅਤੇ ਨਹਿਰ ਦੇ ਕੰਢੇ ਬਣੇ ਘਰਾਂ ਦੇ ਲੋਕਾਂ ਨੂੰ ਬੇਘਰ ਕਰਨ ਲਈ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਕਈ ਲੋਕ ਸਰਕਾਰੀ ਨੌਕਰੀ ਕਰ ਰਹੇ ਹਨ, ਕੁਝ ਲੋਕ ਫੌਜ ਵਿਚ ਵੀ ਹਨ, ਇਹ ਜ਼ਰੂਰੀ ਨਹੀਂ ਕਿ ਜੇਕਰ ਪਿੰਡ ਦੇ ਕੁਝ ਲੋਕ ਨਸ਼ੇ ਦੀ ਤਸਕਰੀ ਕਰਦੇ ਹਨ ਤਾਂ ਸਾਰਾ ਪਿੰਡ ਉਨ੍ਹਾਂ ਵਿਚ ਮਿਲਾ ਦਿੱਤਾ ਜਾਵੇ।

ਨਹਿਰੀ ਵਿਭਾਗ ਦੇ ਐਕਸੀਅਨ ਕਰਨਬੀਰ ਸਿੰਘ ਬੈਂਸ ਨੇ ਕਿਹਾ ਕਿ ਉਕਤ ਮਾਮਲੇ ਦਾ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਦੇ ਵਿਭਾਗ ਦੇ ਐਸਡੀਓ ਰੋਹਿਤ ਪ੍ਰਭਾਕਰ ਨੇ ਉਨ੍ਹਾਂ ਦੀ ਅਦਾਲਤ ‘ਚ ਕੇਸ ਦਾਇਰ ਕੀਤਾ ਸੀ, ਜਿਸ ‘ਚ ਦੱਸਿਆ ਗਿਆ ਕਿ ਪਿੰਡ ਦੀਦਾ ਸਾਂਸੀਆ ‘ਚ ਕੁਝ ਵਿਅਕਤੀਆਂ ਨੇ ਨਹਿਰੀ ਵਿਭਾਗ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਮਕਾਨ ਬਣਾ ਲਏ ਹਨ ਅਤੇ ਇਸੇ ਮਾਮਲੇ ਤਹਿਤ ਪਿੰਡ ਦੇ ਕੁਝ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।