ਫ਼ਿਰੋਜ਼ਪੁਰ, 7 ਦਸੰਬਰ| ਫਿਰੋਜ਼ਪੁਰ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਜਵੈਲਰ ਪਿਓ-ਪੁੱਤ ਵਲੋਂ ਖੁਦਕੁਸ਼ੀ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਨੇ ਨਹਿਰ ਵਿਚ ਛਾਲ ਮਾਰ ਦਿਤੀ ਜਦਕਿ ਦੂਜੇ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੇ ਘਰੇਲੂ ਝਗੜੇ ਕਾਰਨ ਇਹ ਕਦਮ ਚੁੱਕਿਆ ਹੈ।
ਪਿਤਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਵਿਖੇ ਰੱਖਵਾਇਆ ਗਿਆ ਹੈ, ਜਦਕਿ ਪੁੱਤਰ ਦੀ ਲਾਸ਼ ਅਜੇ ਤਕ ਨਹਿਰ ‘ਚੋਂ ਬਰਾਮਦ ਨਹੀਂ ਹੋਈ। ਮ੍ਰਿਤਕਾਂ ਦੀ ਪਛਾਣ ਰਾਹੁਲ ਧਵਨ (32) ਵਾਸੀ ਧਰਮਪੁਰਾ ਅਤੇ ਉਸ ਦੇ ਪਿਤਾ ਰਜਿੰਦਰ ਧਵਨ (60) ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੁੱਧਵਾਰ ਸਵੇਰੇ ਦੋਵੇਂ ਪਿਓ-ਪੁੱਤ ਦੁਕਾਨ ‘ਤੇ ਗਏ ਹੋਏ ਸਨ।
ਅਪਣੇ ਪਿਤਾ ਦੀ ਮੌਤ ਦਾ ਪਤਾ ਲੱਗਣ ’ਤੇ ਰਾਹੁਲ ਨੇ ਫ਼ਿਰੋਜ਼ਪੁਰ-ਫ਼ਰੀਦਕੋਟ ਹਾਈਵੇਅ ਪਾਰ ਕਰਦੇ ਹੋਏ ਨਹਿਰ ਵਿਚ ਛਾਲ ਮਾਰ ਦਿਤੀ। ਦੂਜੇ ਦਿਨ ਵੀ ਉਸ ਦੀ ਲਾਸ਼ ਨਹੀਂ ਮਿਲੀ। ਗੋਤਾਖੋਰਾਂ ਵਲੋਂ ਲਾਸ਼ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ। ਰਾਹੁਲ ਧਵਨ ਦਾ ਮੋਟਰਸਾਈਕਲ ਨਹਿਰ ਦੇ ਕੰਢੇ ਖੜ੍ਹਾ ਮਿਲਿਆ ਹੈ।