ਫ਼ਿਰੋਜ਼ਪੁਰ, 6 ਦਸੰਬਰ | ਫਿਰੋਜ਼ਪੁਰ ਵਿਚ ਮਾਈਨਿੰਗ ਵਿਭਾਗ ਦੇ ਇਕ ਜੇਈ ਨੂੰ ਅਗਵਾ ਕਰਕੇ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਥਾਣਾ ਸਿਟੀ ਨੇ ਪੀੜਤ ਜੇਈ ਦੇ ਬਿਆਨਾਂ ‘ਤੇ 9 ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਰੇਤ ਮਾਫੀਆ ਨੇ ਵਾਰਦਾਤ ਨੂੰ ਅੰਜਾਮ ਦਿੱਤਾ।
ਕੈਲਾਸ਼ ਢਾਕਾ ਵਾਸੀ ਪੰਨੀਵਾਲਾ ਮੋਟਾ ਥਾਣਾ ਉੜਾ ਜ਼ਿਲ੍ਹਾ ਸਿਰਸਾ ਨੇ ਦੱਸਿਆ ਕਿ ਉਹ ਮਾਈਨਿੰਗ ਵਿਭਾਗ ਵਿਚ ਜੇਈ-ਕਮ-ਇੰਸਪੈਕਟਰ ਵਜੋਂ ਤਾਇਨਾਤ ਹੈ। 4 ਦਸੰਬਰ ਨੂੰ ਉਹ ਨਹਿਰ ਦੀ ਖੁਦਾਈ ਦੇ ਕੰਮ ਦੀ ਜਾਂਚ ਕਰਨ ਲਈ ਆਪਣੀ ਬਾਈਕ ‘ਤੇ ਪਿੰਡ ਜੰਡਵਾਲਾ ਜਾ ਰਿਹਾ ਸੀ। ਸ੍ਰੀ ਮੁਕਤਸਰ ਸਾਹਿਬ ਰੋਡ ‘ਤੇ ਪਿੰਡ ਚੱਕਾ ਸੈਦੋਕਾ ਨੇੜੇ ਲਿੰਕ ਸੜਕ ‘ਤੇ ਰੇਤ ਨਾਲ ਭਰੀ ਇਕ ਟਰੈਕਟਰ-ਟਰਾਲੀ ਆਉਂਦੀ ਦਿਖਾਈ ਦਿੱਤੀ।
ਜਦੋਂ ਉਸ ਨੇ ਉਕਤ ਟਰੈਕਟਰ-ਟਰਾਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਬੱਬੀ ਵਾਸੀ ਪਿੰਡ ਕੋਠੀ ਨੇ ਰਫ਼ਤਾਰ ਵਧਾ ਦਿੱਤੀ। ਚਾਲਕ ਨੇ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਹ ਆਪਣੇ ਫ਼ੋਨ ‘ਤੇ ਡਰਾਈਵਰ ਦੀ ਵੀਡੀਓ ਬਣਾਉਣ ਲੱਗਾ ਤਾਂ ਟਰਾਲੀ ਚਾਲਕ ਬੱਬੀ ਨੇ ਆਪਣੇ ਇਕ ਹੋਰ ਦੋਸਤ ਨੂੰ ਫ਼ੋਨ ਕਰ ਦਿੱਤਾ।
ਪਿੰਡ ਫਲੀਆਂਵਾਲਾ ਨੇੜੇ ਬਾਈਕ ਸਵਾਰ ਅਣਪਛਾਤੇ ਵਿਅਕਤੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਟਰੈਕਟਰ ਚਾਲਕ ਬੱਬੀ ਰੇਤ ਦੀ ਭਰੀ ਟਰਾਲੀ ਨੂੰ ਪਿੰਡ ਛੋਟਾ ਫਲੀਆਂਵਾਲਾ ਵੱਲ ਲੈ ਗਿਆ, ਗੱਡੀ ਇਕ ਪਾਸੇ ਖੜ੍ਹੀ ਕਰਕੇ ਗੇਟ ਨੂੰ ਤਾਲਾ ਲਗਾ ਦਿੱਤਾ। ਜਦੋਂ ਉਹ ਉਥੇ ਪਹੁੰਚਿਆ ਤਾਂ ਬੱਬੀ ਅਤੇ ਗੁਰਮੇਜ ਸਿੰਘ ਸਮੇਤ ਘਰ ਵਿਚ ਮੌਜੂਦ 7 ਅਣਪਛਾਤੇ ਲੋਕਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚ ਤਿੰਨ ਔਰਤਾਂ ਵੀ ਸ਼ਾਮਲ ਸਨ।
ਸਾਰੇ ਹਮਲਾਵਰ ਉਸ ਨੂੰ ਅਗਵਾ ਕਰਕੇ ਇਕ ਘਰ ਵਿਚ ਲੈ ਗਏ। ਉਸ ਦਾ ਮੋਬਾਇਲ ਖੋਹ ਲਿਆ ਅਤੇ ਵੀਡੀਓ ਡਿਲੀਟ ਕਰ ਦਿੱਤੀ। ਇਸ ਦੌਰਾਨ ਜੇਈ ਦਾ ਸਾਥੀ ਉਥੇ ਪਹੁੰਚ ਗਿਆ ਅਤੇ ਉਸ ਨੂੰ ਛੁਡਵਾਇਆ। ਪੁਲਿਸ ਨੇ ਮੁਲਜ਼ਮ ਬੱਬੂ ਸਿੰਘ ਵਾਸੀ ਪਿੰਡ ਚੱਕ ਕਮਰੇਵਾਲਾ, ਗੁਰਮੇਜ ਸਿੰਘ ਵਾਸੀ ਛੋਟਾ ਫਲੀਆਂਵਾਲਾ ਸਮੇਤ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਬੱਬੂ ਅਤੇ ਗੁਰਮੇਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।