ਫਤਿਹਗੜ੍ਹ ਸਾਹਿਬ, 28 ਨਵੰਬਰ| ਸਰਹਿੰਦ ਰੇਲਵੇ ਸਟੇਸ਼ਨ ਕੋਲ ਹਾਦਸੇ ਵਿਚ ਪਿਤਾ ਤੇ ਉਸ ਦੇ ਪੁੱਤ ਦੀ ਮੌਤ ਹੋ ਗਈ। ਦੋਵੇਂ ਰੇਲਵੇ ਲਾਈਨ ਕਰਾਸ ਕਰ ਰਹੇ ਸਨ ਤਾਂ ਰੇਲ ਇੰਜਣ ਨੇ ਟੱਕਰ ਮਾਰ ਦਿੱਤੀ। ਮ੍ਰਿਤਕਾਂ ਦੀ ਪਛਾਣ ਹੁਕਮ ਚੰਦ (42) ਤੇ ਪੁੱਤਰ ਸਾਹਿਬਜੋਤ ਸਿੰਘ (12) ਵਾਸੀ ਕੋਟਲਾ ਭਾਈਕੇ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਰੇਲ ਇੰਜਣ ਮੰਡੀ ਗੋਬਿੰਦਗੜ੍ਹ ਵੱਲੋਂ ਰਾਜਪੁਰਾ ਵੱਲੋਂ ਜਾ ਰਿਹਾ ਸੀ। ਇਸੇ ਦਰਮਿਆਨ ਹੁਕਮ ਚੰਦ ਆਪਣੇ ਪੁੱਤਰ ਸਾਹਿਬਜੋਤ ਨਾਲ ਰੇਲਵੇ ਲਾਈਨ ਕਰਾਸ ਕਰਨ ਲੱਗਾ। ਦੋਵੇਂ ਰੇਲ ਇੰਜਣ ਦੀ ਚਪੇਟ ਵਿਚ ਆ ਗਏ।
ਘਟਨਾ ਦੇ ਬਾਅਦ ਜੀਆਰਪੀ ਪੁਲਿਸ ਮੌਕੇ ‘ਤੇ ਪਹੁੰਚੀ। ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲਿਆ ਗਿਆ। ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਹੁਕਮ ਚੰਦ ਦਾ ਘਰ ਰੇਲਵੇ ਲਾਈਨ ਦੇ ਕੋਲ ਹੈ, ਜਿਸ ਕਾਰਨ ਉਹ ਇਧਰ ਤੋਂ ਉਧਰ ਜਾਣ ਲਈ ਰੇਲਵੇ ਲਾਈਨ ਕਰਾਸ ਕਰਦੇ ਸਨ। ਅੱਜ ਰੇਲਵੇ ਲਾਈਨ ਕਰਾਸ ਕਰਦਿਆਂ ਹਾਦਸਾ ਵਾਪਰ ਗਿਆ। ਦੋਵਾਂ ਦੀਆਂ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।