ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਸ਼ਰਾਬੀਆਂ ਨੇ ਕੁੱਟਿਆ ਡਾਕਟਰ, ਪਾੜੇ ਕੱਪੜੇ

0
437

ਲੁਧਿਆਣਾ | ਸਿਵਲ ਹਸਪਤਾਲ, ਲੁਧਿਆਣਾ ‘ਚ ਡਿਊਟੀ ‘ਤੇ ਮੌਜੂਦ ਡਾਕਟਰ ਨੂੰ ਕਰੀਬ 5 ਤੋਂ 6 ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਿਆ। ਬਦਮਾਸ਼ਾਂ ਨੇ ਡਾਕਟਰ ਦੇ ਕੱਪੜੇ ਵੀ ਪਾੜ ਦਿੱਤੇ। ਜਦੋਂ ਡਾਕਟਰ ਨੇ ਬਦਮਾਸ਼ਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਨੇ ਉਸ ਦੇ ਹੱਥ ‘ਤੇ ਦੰਦੀ ਵੱਢ ਦਿੱਤੀ। ਬਚਾਅ ਲਈ ਆਏ ਸਕਿਓਰਿਟੀ ਗਾਰਡ ਤੇ ਪੁਲਿਸ ਮੁਲਾਜ਼ਮਾਂ ਨਾਲ ਵੀ ਦੋਸ਼ੀ ਭਿੜ ਗਏ।

ਦੋਸ਼ੀਆਂ ਨੇ ਹਸਪਤਾਲ ਵਿੱਚ ਡਾਕਟਰ ਦੀ ਟੇਬਲ ਅਤੇ ਕੈਬਿਨ ਦੇ ਬਾਹਰ ਲੱਗਾ ਸ਼ੀਸ਼ਾ ਵੀ ਤੋੜ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਬਾਕੀ ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਏਐਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਮਲਾਵਰਾਂ ਦੀ ਪਛਾਣ ਸੋਹਣ ਸਿੰਘ ਵਾਸੀ ਧਾਂਦਰਾ ਰੋਡ, ਰਾਜਵੀਰ ਸਿੰਘ ਵਾਸੀ ਚੀਮਾ ਪਿੰਡ ਜਗਰਾਓਂ ਅਤੇ ਸੰਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਵਜੋਂ ਹੋਈ ਹੈ। ਡਾ. ਚਰਨਕਮਲ (ਫੋਰੈਂਸਿਕ ਮਾਹਿਰ) ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਐਮਰਜੈਂਸੀ ਦੇ ਅੰਦਰ ਨੋਡਲ ਅਫ਼ਸਰ ਵਜੋਂ ਡਿਊਟੀ ਦੇ ਰਹੇ ਸਨ।

ਤਿੰਨੇ ਮੁਲਜ਼ਮ ਰਾਤ ਕਰੀਬ 12 ਵਜੇ ਉਸ ਕੋਲ ਮੈਡੀਕਲ ਕਰਵਾਉਣ ਆਏ ਸਨ, ਜਿਨ੍ਹਾਂ ਨੇ ਸ਼ਰਾਬ ਪੀਤੀ ਹੋਈ ਸੀ। ਐਮਰਜੈਂਸੀ ਵਿੱਚ ਆ ਕੇ ਮੁਲਜ਼ਮਾਂ ਨੇ ਪਹਿਲਾਂ ਸਕਿਓਰਿਟੀ ਗਾਰਡ ਨੂੰ ਕੁੱਟਿਆ ਅਤੇ ਡਾਕਟਰ ਦੇ ਕਮਰੇ ਵਿੱਚ ਜਾ ਕੇ ਬਦਤਮੀਜ਼ੀ ਕੀਤੀ।