ਚੰਡੀਗੜ੍ਹ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਨੀਮਾਜਰਾ ‘ਚ ਕਾਰ ਦੀ ਲਪੇਟ ‘ਚ ਆਉਣ ਨਾਲ ਇਕ ਮਹਿਲਾ ਕਾਂਸਟੇਬਲ ਦੀ ਮੌਤ ਹੋ ਗਈ ਜਦਕਿ ਉਸ ਦਾ 9 ਸਾਲਾ ਬੇਟਾ ਗੰਭੀਰ ਜ਼ਖਮੀ ਹੋ ਗਿਆ। ਸਿਰ ਵਿਚ ਗੰਭੀਰ ਸੱਟ ਲੱਗਣ ਕਾਰਨ ਉਸ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਹੈ। ਉਸ ਦੀ ਹਾਲਤ ਕਾਫੀ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਸ਼ਾਰਦਾ ਵਜੋਂ ਹੋਈ ਹੈ। ਹਾਦਸੇ ‘ਚ ਸ਼ਾਰਦਾ ਦੇ ਸਿਰ ਅਤੇ ਪਸਲੀਆਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ।
ਸਕੂਟੀ ਸਵਾਰ ਮਹਿਲਾ ਕਾਂਸਟੇਬਲ ਅਤੇ ਉਸਦੇ ਬੇਟੇ ਨੂੰ ਟੱਕਰ ਮਾਰਨ ਤੋਂ ਬਾਅਦ ਦੋਸ਼ੀ ਕਾਰ ਚਾਲਕ ਮੌਕੇ ‘ਤੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ। ਥਾਣਾ ਮਨੀਮਾਜਰਾ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਦੀ ਭਾਲ ਕੀਤੀ ਅਤੇ ਉਸ ਨੂੰ ਕਾਬੂ ਕੀਤਾ। ਮੁਲਜ਼ਮ ਦੀ ਪਛਾਣ ਰਾਜਾ ਕੁਮਾਰ ਸ਼ਰਮਾ (21) ਵਜੋਂ ਹੋਈ ਹੈ।
20 ਅਪ੍ਰੈਲ ਨੂੰ ਦੋਸ਼ੀ ਕਾਰ ਚਾਲਕ ਨੇ ਮਨੀਮਾਜਰਾ ‘ਚ ਸਕੂਟੀ ਸਵਾਰ ਮਾਂ-ਪੁੱਤ ਨੂੰ ਟੱਕਰ ਮਾਰ ਦਿੱਤੀ ਸੀ। ਹਾਦਸੇ ਵਿਚ ਦੋਵੇਂ ਬੁਰੀ ਤਰ੍ਹਾਂ ਲਹੂ-ਲੁਹਾਨ ਹੋ ਗਏ। ਪੀਸੀਆਰ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਤੁਰੰਤ ਪੀਜੀਆਈ ਵਿਚ ਦਾਖ਼ਲ ਕਰਵਾਇਆ। ਕਾਂਸਟੇਬਲ ਸ਼ਾਰਦਾ ਨੇ ਬੀਤੀ ਰਾਤ ਕਰੀਬ 3 ਵਜੇ ਆਖਰੀ ਸਾਹ ਲਿਆ।