ਚੰਡੀਗੜ੍ਹ ‘ਚ ਪਾਣੀ ਦੀ ਬਰਬਾਦੀ ‘ਤੇ ਕੱਟਿਆ ਜਾਵੇਗਾ ਚਲਾਨ, ਨਿਗਮ ਟੀਮਾਂ ਏਰੀਏ ਵਾਈਸ ਕਰਨਗੀਆਂ ਚੈਕਿੰਗ

0
361

ਚੰਡੀਗੜ੍ਹ | ਗਰਮੀਆਂ ਦੀ ਸ਼ੁਰੂਆਤ ਦੌਰਾਨ ਹੀ ਚੰਡੀਗੜ੍ਹ ਵਿਚ ਪਾਣੀ ਦੀ ਮੰਗ ਵਧ ਗਈ ਹੈ। ਜੋ ਲੋਕ ਪਾਣੀ ਦੀ ਬਰਬਾਦੀ ਕਰਦੇ ਹਨ, ਉਨ੍ਹਾਂ ‘ਤੇ ਨਿਗਮ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਅੱਜ ਸਵੇਰੇ 5.30 ਤੋਂ 8.30 ਵਜੇ ਵਿਚ ਨਗਰ ਨਿਗਮ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਣਗੀਆਂ ਤੇ ਜੋ ਵੀ ਵਿਅਕਤੀ ਇਸ ਦੌਰਾਨ ਪਾਣੀ ਬਰਬਾਦ ਕਰਦਾ ਦੇਖਿਆ ਜਾਵੇਗਾ, ਉਸ ਦਾ 5250 ਰੁਪਏ ਦਾ ਚਲਾਨ ਕੱਟਿਆ ਜਾਵੇਗਾ।

ਨਿਗਮ ਨੇ ਇਸ ਲਈ 18 ਐੱਸਡੀਏ ਸਣੇ ਵੱਖ-ਵੱਖ ਜੇਈ ਤੇ ਹੋਰ ਮੁਲਾਜ਼ਮਾਂ ਦੀਆਂ ਟੀਮਾਂ ਦਾ ਗਠਨ ਕੀਤਾ ਹੈ। ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ 5.30 ਵਜੇ ਪਾਣੀ ਆਉਂਦਾ ਹੈ, ਇਸ ਲਈ ਟੀਮਾਂ ਵੀ ਸਵੇਰੇ 3 ਘੰਟੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਣਗੀਆਂ। ਨਿਗਮ ਵੱਲੋਂ ਦੱਸਿਆ ਗਿਆ ਹੈ ਕਿ ਜੇਕਰ ਕੋਈ ਵੀ ਪਾਣੀ ਨਾਲ ਵਾਹਨਾਂ ਤੇ ਕੋਰਟਯਾਰਡ ਨੂੰ ਧੋਂਦੇ ਹੋਏ ਪਾਇਆ ਗਿਆ ਤਾਂ ਉਸ ਨੂੰ ਕੋਈ ਨੋਟਿਸ ਨਹੀਂ ਦਿੱਤਾ ਜਾਵੇਗਾ ਸਗੋਂ ਸਿੱਧੇ ਉਸ ਦਾ 5250 ਰੁਪਏ ਦਾ ਚਲਾਨ ਕੱਟੇਗਾ।

ਨਿਗਮ ਵੱਲੋਂ ਕਿਹਾ ਗਿਆ ਕਿ ਟੀਮਾਂ ਨੂੰ ਜਾਂਚ ਦੌਰਾਨ ਜੇਕਰ ਕਿਸੇ ਵਿਅਕਤੀ ਦੇ ਘਰ ਵਿਚ ਪਾਣੀ ਦੇ ਪਾਈਪਲਾਈਨ ਵਿਚ ਬੂਸਟਰ ਪੰਪ ਲੱਗਾ ਮਿਲਿਆ ਤਾਂ ਟੀਮ ਵੱਲੋਂ ਉਸ ਨੂੰ ਤੁਰੰਤ ਜ਼ਬਤ ਕਰ ਲਿਆ ਜਾਵੇਗਾ ਤੇ ਚਲਾਨ ਕੱਟਿਆ ਜਾਵੇਗਾ। ਜੇਕਰ ਜੁਰਮਾਨਾ ਲਗਾਉਣ ਦੇ ਬਾਅਦ ਵੀ ਕੋਈ ਵਾਰ-ਵਾਰ ਉਲੰਘਣਾ ਕਰਦਾ ਹੈ ਤਾਂ ਬਿਨਾਂ ਕਿਸੇ ਨੋਟਿਸ ਦੇ ਸਬੰਧਤ ਵਿਅਕਤੀ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਜੇਕਰ ਕਿਸੇ ਦੇ ਪਾਣੀ ਦੇ ਮੀਟਰ ਚੈਂਬਰ ਵਿਚ ਰਿਸਾਅ ਜਾਂ ਟੈਂਕੀ ਓਵਰਫਲੋਅ ਹੋ ਰਹੀ ਹੋਵੇਗੀ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਵਿਅਕਤੀ ਨੂੰ 2 ਦਿਨ ਦਾ ਨੋਟਿਸ ਦਿੱਤਾ ਜਾਵੇਗਾ। ਜੇਕਰ 2 ਦਿਨਾਂ ਦੇ ਅੰਦਰ ਲੀਕ ਬੰਦ ਨਾ ਕੀਤੀ ਗਈ ਤਾਂ 5,250 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।