ਬਠਿੰਡਾ, 18 ਨਵੰਬਰ | ਜ਼ਿਲ੍ਹੇ ਦੇ ਕੁਝ ਚੇਅਰਮੈਨਾਂ ਨੇ SSP ਨੂੰ ਮਿਲ ਕੇ ਆਪਣਾ ਰੋਸ ਦਰਜ ਕਰਵਾਇਆ ਹੈ। ਉਨ੍ਹਾਂ ਨੇ ਪੁਲਿਸ ਮੁਖੀ ਨੂੰ ਦੱਸਿਆ ਕਿ ਜਦੋਂ ਉਹ ਆਪਣੀਆਂ ਸਰਕਾਰੀ ਗੱਡੀਆਂ ’ਤੇ ਕਿਧਰੇ ਜਾਂਦੇ ਹਨ ਤਾਂ ਟਰੈਫ਼ਿਕ ਪੁਲਿਸ ਉਨ੍ਹਾਂ ਨੂੰ ਅਣਗੌਲਿਆਂ ਕਰਦੀ ਹੈ। ਚੇਅਰਮੈਨਾਂ ਦਾ ਕਹਿਣਾ ਹੈ ਕਿ ਗੱਡੀ ਦਾ ਹੂਟਰ ਵੱਜਣ ਦੇ ਬਾਵਜੂਦ ਵੀ ਚੌਕਾਂ ਵਿਚ ਖੜ੍ਹੇ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਸਲਿਊਟ ਮਾਰਨਾ ਤਾਂ ਦੂਰ ਸਗੋਂ ਉਹ ਟਰੈਫਿਕ ਵਿਚ ਫਸੀ ਗੱਡੀ ਨੂੰ ਉਥੋਂ ਕਢਵਾਉਣ ਲਈ ਵੀ ਅੱਗੇ ਨਹੀਂ ਆਉਂਦੇ।
ਚੇਅਰਮੈਨਾਂ ਨੇ ਦੱਸਿਆ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਪ੍ਰੋਟੋਕਾਲ ਮੁਤਾਬਕ ਚੇਅਰਮੈਨਾਂ ਨੂੰ ਮਾਣ-ਸਨਮਾਨ ਨਹੀਂ ਦੇ ਰਹੇ। ਇਸ ਤੋਂ ਬਾਅਦ ਪੁਲਿਸ ਵਿਭਾਗ ਨੇ ਵਾਇਰਲੈੱਸ ਰਾਹੀਂ ਟਰੈਫ਼ਿਕ ਪੁਲਿਸ ਨੂੰ ਮੈਸੇਜ ਵੀ ਭੇਜਿਆ ਹੈ ਕਿ ਬਠਿੰਡਾ ਨਾਲ ਸਬੰਧਤ 5 ਚੇਅਰਮੈਨ ਐਸਐਸਪੀ ਨੂੰ ਮਿਲੇ ਹਨ ਜਿਨ੍ਹਾਂ ਨੇ ਕਿਹਾ ਕਿ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਉਨ੍ਹਾਂ ਨੂੰ ਮਾਣ-ਸਤਿਕਾਰ ਨਹੀਂ ਦਿੰਦੇ।
ਗੱਡੀ ਦਾ ਹੂਟਰ ਮਾਰਨ ਤੋਂ ਬਾਅਦ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਕੋਈ ਗੌਰ ਨਹੀਂ ਕਰਦੇ। ਇਸ ਲਈ ਸਾਰੇ ਟਰੈਫਿਕ ਪੁਲਿਸ ਦੇ ਮੁਲਾਜ਼ਮ ਧਿਆਨ ਦੇਣ ਕਿ ਉਹ ਚੇਅਰਮੈਨਾਂ ਨੂੰ ਬਣਦਾ ਸਨਮਾਨ ਦੇਣ ਅਤੇ ਜਦੋਂ ਵੀ ਆਉਣ ਤਾਂ ਉਨ੍ਹਾਂ ਦੀਆਂ ਗੱਡੀਆਂ ਨੂੰ ਟਰੈਫਿਕ ਵਿਚੋਂ ਲੰਘਾਇਆ ਜਾਵੇ।