ਅੰਮ੍ਰਿਤਸਰ, 11 ਮਾਰਚ | ਪੁਲਿਸ ਤੇ ਫੌਜ ਦੇ ਸਾਂਝੇ ਆਪਰੇਸ਼ਨ ਤਹਿਤ ਇਕ ਫਰਜ਼ੀ ਫੌਜੀ ਅਫਸਰ ਫੜਿਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਕਈ ਆਰਮੀ ਰੈਂਕ ਦੀਆਂ ਵਰਦੀਆਂ ਬਰਾਮਦ ਕੀਤੀਆਂ ਹਨ। ਜ਼ੋਨ-1 ਦੇ ਥਾਣਾ ਡੀ-ਡਵੀਜ਼ਨ ਦੀ ਪੁਲਿਸ ਪਾਰਟੀ ਨੇ ਵਰਦੀ ਪਾ ਕੇ ਇਕ ਨਕਲੀ ਫੌਜੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਿਕਨਾ ਆਨੰਦਪੁਰ ਸਾਹਿਬ ਹੈ ਅਤੇ ਨਕਲੀ ਫੌਜੀ ਬਣ ਕੇ ਹਾਲ ਗੇਟ ਇਲਾਕੇ ‘ਚ ਘੁੰਮਦਾ ਰਹਿੰਦਾ ਸੀ।
ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਗੋਲਬਾਗ਼ ਇਲਾਕੇ ‘ਚੋਂ ਗ੍ਰਿਫ਼ਤਾਰ ਕੀਤਾ, ਜਿਸ ਨੇ ਆਰਮੀ ਮੇਜਰ ਰੈਂਕ ਦੀ ਵਰਦੀ ਪਾਈ ਹੋਈ ਸੀ ਅਤੇ ਮੋਢੇ ’ਤੇ ਸਿਪਾਹੀ ਦਾ ਬੈਗ ਵੀ ਸੀ, ਜਿਸ ਨੂੰ ਲੈ ਕੇ ਉਸ ਕੋਲੋਂ ਆਰਮੀ ‘ਚ ਹੋਣ ਦਾ ਸਬੂਤ ਮੰਗਿਆ ਪਰ ਉਹ ਪੇਸ਼ ਨਹੀਂ ਕਰ ਸਕਿਆ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਵੱਖ-ਵੱਖ ਰੈਂਕ ਦੀਆਂ ਵਰਦੀਆਂ ਪਾ ਕੇ ਆਮ ਲੋਕਾਂ ਨੂੰ ਇਹ ਪ੍ਰਭਾਵ ਦਿੰਦਾ ਆ ਰਿਹਾ ਸੀ ਕਿ ਉਹ ਫੋਰਸ ਦਾ ਸੀਨੀਅਰ ਅਧਿਕਾਰੀ ਹੈ।
ਮੁਲਜ਼ਮ ਨੇ ਇਹ ਵੀ ਦੱਸਿਆ ਕਿ ਉਸ ਨੇ ਇਹ ਵਰਦੀ ਦੇਹਰਾਦੂਨ ਤੋਂ ਲਈ ਸੀ ਅਤੇ ਇਹ ਵਰਦੀ ਪਾ ਕੇ ਉਹ ਰੁੜਕੀ ਆਰਮੀ ਕੈਂਟ, ਜੰਮੂ ਆਰਮੀ ਏਰੀਆ ਅਤੇ ਅੰਮ੍ਰਿਤਸਰ ਆਰਮੀ ਕੈਂਟ ਵੀ ਗਿਆ ਸੀ। ਇਸ ਵਿਅਕਤੀ ਕੋਲੋਂ ਮਿਲੇ ਇਨ੍ਹਾਂ ਸ਼ਨਾਖਤੀ ਕਾਰਡਾਂ/ਦਸਤਾਵੇਜ਼ਾਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।